ਅਫ਼ਗਾਨਿਸਤਾਨ ਦੇ ਮਸ਼ਹੂਰ ਸ਼ਹਿਰ ਜਲਾਲਬਾਦ ਦੇ ਨੇੜੇ ਪੈੰਦੇ ਕਸਬੇ ਸੁਲਤਾਨਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਚਸ਼ਮਾ ਸਾਹਿਬ ਮੌਜੂਦ ਹੈ । ਜਿੱਥੇ ਗੁਰੂ ਸਾਹਿਬ ਬਗਦਾਦ ਤੋਂ ਵਾਪਸ ਆਉਂਦੇ ਹੋਏ ਆਏ ਸਨ ।
ਗਿਆਨੀ ਗਿਆਨ ਸਿੰਘ ਅਨੁਸਾਰ ,”ਇਸ ਅਸਥਾਨ ਤੇ ਪਾਣੀ ਦੀ ਘਾਟ ਸੀ ਅਤੇ ਭੂਮੀ ਬੰਜਰ ਸੀ । ਇੱਥੋਂ ਦੇ ਸਥਾਨਕ ਲੋਕ ਕਾਫੀ ਦੁਖੀ ਸਨ । ਸਿਰਫ ਇਕ ਅਸਥਾਨ ਤੇ ਇਕ ਹੰਕਾਰੀ ਫ਼ਕੀਰ ਅਬਦੁਲ ਗੌਸ ਪਾਸ ਇਕ ਪਾਣੀ ਦਾ ਚਸ਼ਮਾ ਸੀ । ਇੱਥੋਂ ਦੇ ਲੋਕਾਂ ਨੇ ਬਾਬਾ ਜੀ ਨੂੰ ਕਾਮਲ ਫ਼ਕੀਰ ਜਾਣ ਕਰ ਬੇਨਤੀ ਕੀਤੀ । ਸਾਡਾ ਦੁੱਖ ਨਵਿਰਤ ਕਰੋ । ਸਾਨੂੰ ਪਾਣੀ ਦੀ ਬਖਸ਼ਿਸ ਕਰੋ । ਅਬਦੁਲ ਗੌਸ ਸਾਨੂੰ ਪਾਣੀ ਨਹੀਂ ਦਿੰਦਾ । ਫਿਰ ਬਾਬਾ ਜੀ ਨੇ ਮਰਦਾਨੇ ਨੂੰ ਪੀਰ ਅਬਦੁਲ ਗੌਸ ਕੋਲ ਪਾਣੀ ਲਈ ਭੇਜਿਆ । ਪਰ ਪੀਰ ਨੇ ਮਰਦਾਨੇ ਨੂੰ ਪਾਣੀ ਨਹੀਂ ਦਿੱਤਾ । ਬਾਬਾ ਜੀ ਨੇ ਅਬਦੁਲ ਗੌਸ ਦਾ ਹੰਕਾਰ ਤੋੜਿਆ । ਆਪਣੀ ਛੜੀ ਨਾਲ ਉੱਥੇ ੨ ਪਾਣੀ ਦੇ ਚਸ਼ਮੇ ਕੱਢੇ ਜੋ ਅੱਜ ਤੀਕ ਮੌਜੂਦ ਹਨ ।”
ਭਾਈ ਸਮਸ਼ੇਰ ਸਿੰਘ ਅਸ਼ੋਕ ਵੱਲੋਂ ਦਰਜ ਕੀਤੇ ਵੇਰਵੇ ਅਨੁਸਾਰ “ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਥੇ (ਭਗਤੁ ਨਾਮ ਦੇ) ਇੱਕ ਬਕਰੀਆਂ ਵਾਲੇ ਨੂੰ ਜੋ ਪਿਆਸਾ ਹੋਣ ਕਰਕੇ ਬੇਹੋਸ਼ ਹੋ ਗਿਆ ਸੀ, ਇੱਕ ਪੱਥਰ ਹੇਠੋਂ ਅਲਾਹੀ ਚਸ਼ਮਾ ਜਾਰੀ ਕਰਕੇ ਪਾਣੀ ਪਿਲਾ ਕੇ ਹੋਸ਼ ਵਿੱਚ ਲਿਆਉਂਦਾ ਸੀ। ਜਿਸ ਕਰਕੇ ਇਸ ਪਵਿੱਤਰ ਅਸਥਾਨ ਨੂੰ ਚਸ਼ਮਾ ਸਾਹਿਬ ਜਾਂ ਚੋਹਾ ਸਾਹਿਬ ਕਹਿੰਦੇ ਹਨ। ਚਸ਼ਮਾ ਸਾਹਿਬ ਦੇ ਅਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਪ੍ਰਗਟ ਕੀਤਾ। ਚਸ਼ਮਾ ਸਾਹਿਬ ਦੇ ਨਾਲ ਸੁੰਦਰ ਸਰੋਵਰ ਹੈ। ਚਸ਼ਮੇ ਦੀ ਨਿਰਮਲ ਜਲ-ਧਾਰਾ ਨਿਰੰਤਰ ਵਗਦੀ ਹੈ। ਸੰਗਤਾਂ ਸ਼ਰਧਾ-ਸਤਿਕਾਰ ਨਾਲ ਚਸ਼ਮੇ ਦਾ ਠੰਡਾ ਮਿੱਠਾ ਜਲ ਛਕਦੀਆਂ ਹਨ ਤੇ ਸਰੋਵਰ ‘ਚ ਇਸ਼ਨਾਨ ਕਰਕੇ ਤਨ-ਮਨ ਦੀ ਮੈਲ ਉਤਾਰਦੀਆਂ ਹਨ।”
ਇਸ ਗੁਰਦੁਆਰੇ ਦਾ ਪ੍ਰਬੰਧ ਬਾਬਾ ਕਰਮ ਸਿੰਘ ਜੀ ਬੇਦੀ ਕਰਦੇ ਸਨ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਬਾਬਾ ਭਗਵਾਨ ਸਿੰਘ ਜੀ ਤੇ ਬਾਬਾ ਜਵਾਹਰ ਸਿੰਘ ਜੀ ਇਸ ਗੁਰੂ ਘਰ ਦੀ ਸੇਵਾ-ਸੰਭਾਲ ਕਰਦੇ ਰਹੇ। ਸੁਲਤਾਨਪੁਰ ਵਿੱਚ ਸਿੱਖਾਂ ਦੀ ਅਬਾਦੀ 1952 ਈਸਵੀ ਵਿੱਚ ਕੇਵਲ 100 ਦੇ ਕਰੀਬ ਸੀ। ਇਹ ਪਵਿਤਰ ਅਸਥਾਨ ਬਹੁਤ ਹੀ ਰਮਣੀਕ ਤੇ ਕੁਦਰਤੀ ਵਾਤਾਵਰਨ ਨਾਲ ਭਰਪੂਰ ਹੈ। ਸੁਲਤਾਨਪੁਰ ਦੇ ਇਰਧ-ਗਿਰਧ ਅਣਗਿਣਤ ਬਾਗ ਹੋਣ ਕਰਕੇ, ਇਲਾਕਾ ਹਰਿਆਵਲ ਭਰਪੂਰ ਹੈ। ਇਸ ਗੁਰੂ ਘਰ ਵਿੱਚ ਖਾਸ ਕਰਕੇ ਖਾਲਸੇ ਦਾ ਸਿਰਜਨਾ ਦਿਵਸ ਵਿਸਾਖੀ ਬਹੁਤ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਜਲਾਲਾਬਾਦ ਤੋਂ ਸੁਲਤਾਨਪੁਰ ਤੀਕ ਨਗਰ ਕੀਰਤਨ ਕੀਤਾ ਜਾਂਦਾ ਸੀ ਜਿਸ ਵਿੱਚ ਸਿੱਖਾਂ ਸੇਵਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਵੀ ਸ਼ਰਧਾ-ਭਾਵਨਾ ਨਾਲ ਸ਼ਾਮਲ ਹੁੰਦੇ ਸਨ। ਖਾਲਸਾ ਸਾਜਨਾ ਦਿਵਸ ਦਾ ਸਮਾਗਮ 8 ਦਿਨ ਚੱਲਦਾ ਸੀ ਜਿਸ ਵਿੱਚ 13000 ਦੇ ਕਰੀਬ ਤੰਬੂ ਲੱਗਦੇ ਸਨ। ਇੱਕ ਤਰ੍ਹਾਂ ਨਾਲ ਇਹ ਤੰਬੂਆਂ ਦਾ ਸ਼ਹਿਰ ਵੱਸ ਜਾਂਦਾ ਸੀ। ਆਖਰੀ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ, ਸਾਹਿਬ ਦੀ ਸੰਪੂਰਨਤਾ ਹੁੰਦੀ। ਸੰਗਤਾਂ ਵਾਸਤੇ ਲੰਗਰ ਤਿਆਰ ਕਰਨ ਲਈ 130-135 ਤੰਦੂਰ ਤੇ 40 ਤੋਂ 50 ਦੇ ਕਰੀਬ ਦੇਗ਼ਾਂ ਚਾੜੀਆ ਜਾਂਦੀਆਂ। ਵਿਸਾਖੀ ਵਾਲੇ ਦਿਨ ਹੀ ਕਾਬਲੀ ਸਿੱਖ ਇਥੇ ਸਮੂਹਿਕ ਆਨੰਦ ਕਾਰਜ ਕਰਦੇ ਸਨ , ਘਰ ਪਰਿਵਾਰ ਦਾ ਕੋਈ ਖਰਚਾਂ ਨਹੀਂ ਸੀ ਹੁੰਦਾ, ਟਹਿਲ-ਸੇਵਾ ਗੁਰੂ ਘਰ ਵੱਲੋਂ ਹੀ ਕੀਤੀ ਜਾਂਦੀ ਸੀ।
ਡਾ. ਗੰਡਾ ਸਿੰਘ ਆਪਣੀ ਕਿਤਾਬ ‘ਅਫ਼ਗ਼ਾਨਿਸਤਾਨ ਦਾ ਸਫ਼ਰ’ ਵਿੱਚ ਇਸ ਅਸਥਾਨ ਦੀ ਯਾਤਰਾ ਬਾਰੇ ਲਿਖਦੇ ਹਨ ,” “ਮੈਂ ਚਸ਼ਮਾ ਸਾਹਿਬ ਦੇ ਦਰਸ਼ਨ ੨੬ ਸਤੰਬਰ ੧੯੫੨ ਈ. ਦੇ ਦਿਨ ੧੧ ਅੱਸੂ ਸੰਮਤ ੨੦੦੯ ਬਿ. ਨੂੰ ਕੀਤੇ ਸਨ । ਮੈਂ ਜੋ ਕੁਝ ਉੱਥੇ ਮੌਕੇ ਤੇ ਅੱਖੀਂ ਦੇਖਿਆ ਅਤੇ ਉੱਥੇ ਦੇ ਸਿੱਖ ਸੇਵਕਾਂ ਤੋਂ ਸੁਣਿਆ , ਇਹ ਸਭ ਕੁਝ ਮੈਂ ਉਸੇ ਦੇ ਅਧਾਰ ਤੇ ਲਿਖ ਰਿਹਾ ਹਾਂ।”
“ਬਾਬਾ ਕਰਮ ਸਿੰਘ ਤੋਂ ਬਾਅਦ ਪ੍ਰਬੰਧਕ ਉਨ੍ਹਾਂ ਦੇ ਭਤੀਜੇ ਬਾਬਾ ਭਗਵਾਨ ਸਿੰਘ ਤੇ ਬਾਬਾ ਜਵਾਹਰ ਸਿੰਘ ਬੇਦੀ ਸਨ । ਇਨ੍ਹਾਂ ਦੇ ਸਮੇਂ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਹੁੰਦਾ । ਬੇਦੀ ਭਗਵਾਨ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਦੀ ਗੱਲ ਹੈ ਕਿ ਸੰਨ 1906 ਈਸਵੀ ਵਿੱਚ ਅਫ਼ਗ਼ਾਨਿਸਤਾਨ ਦਾ ਬਾਦਸ਼ਾਹ ਅਮੀਰ ਹਬੀਬੁੱਲਾ ਖ਼ਾਨ ਹਿੰਦੁਸਤਾਨ ਤੋਂ ਮੁੜਦਾ ਹੋਇਆ ਕੁਝ ਚਿਰ ਜਲਾਲਾਬਾਦ ਠਹਿਰਿਆ । ਇੱਕ ਦਿਨ ਸੈਰ ਲਈ ਸੁਲਤਾਨਪੁਰ ਆਇਆ ਅਤੇ ਚਸ਼ਮਾ ਸਾਹਿਬ ਦੇ ਦਰਸ਼ਨ ਕੀਤੇ । ਇਸ ਰਮਣੀਕ ਅਸਥਾਨ , ਇਸ ਦੇ ਨਾਲ ਲੱਗਦੇ ਬਾਗ ਦੇ ਸੁਹੱਪਣ , ਇੱਥੇ ਦੇ ਸਾਫ ਹਵਾ-ਪਾਣੀ ਤੇ ਇਕਾਂਤ ਚੁਗਿਰਦੇ ਦਾ ਉਸ ਦੇ ਦਿਲ ਤੇ ਇਤਨਾ ਅਸਰ ਹੋਇਆ ਕਿ ਉਸ ਨੇ ਇੱਥੇ ਇੱਕ ਬਾਦਸ਼ਾਹੀ ਮਕਾਨ ਬਣਾਉਣ ਦੀ ਧਾਰ ਲਈ । ਪਰ ਜ਼ਮੀਨ ਦੀ ਮਾਲਕੀ ਸਰਕਾਰੀ ਨਹੀਂ ਸੀ । ਇਹ ਸੀ ਧਰਮ ਅਰਥ । ਇਸ ਲਈ ਉਸ ਨੇ ਸੁਲਤਾਨਪੁਰ ਦੇ ਹਿੰਦੂ-ਸਿੱਖ ਮੁਖੀਆਂ ਭਾਈ ਸੰਤੋਖ ਸਿੰਘ, ਭਾਈ ਨਰਸਿੰਘ ਦਾਸ, ਭਾਈ ਪ੍ਰੀਤਮ ਸਿੰਘ, ਭਾਈ ਉੱਤਮ ਸਿੰਘ, ਭਾਈ ਸ਼ੰਕਰਦਾਸ ਆਦਿ ਨੂੰ ਸੱਦਿਆ ਤੇ ਕਿਹਾ ਕਿ ਇਹ ਚਸ਼ਮੇ ਦੀ ਜਗ੍ਹਾ ਦੇ ਬਦਲੇ ਮੇਰੇ ਪਾਸੋਂ ਪੈਸੇ ਲੈ ਲਓ ਤੇ ਵੇਚ ਦਿਓ । ਮੈਂ ਇੱਥੇ ਸਰਕਾਰੀ ਇਮਾਰਤ ਬਣਾਉਣਾ ਚਾਹੁੰਦਾ ਹਾਂ । ਸਿੱਖ ਮੁਖੀਆਂ ਨੇ ਕਿਹਾ ਕਿ ਇਹ ਚਸ਼ਮਾ ਗੁਰੂ ਨਾਨਕ ਦਾ ਇਤਿਹਾਸਕ ਅਸਥਾਨ ਤੇ ਅਸਾਡਾ ਪੂਜਨੀਕ ਧਾਰਮਿਕ ਤੀਰਥ ਹੈ । ਅਸੀਂ ਇਸ ਨੂੰ ਵੇਚ ਨਹੀਂ ਸਕਦੇ । ਅਸੀਂ ਇਸ ਨੂੰ ਵੇਚਣ ਦਾ ਹੱਕ ਭੀ ਨਹੀਂ ਰੱਖਦੇ, ਕਿਉਂਕਿ ਧਾਰਮਿਕ ਤੇ ਇਤਿਹਾਸਕ ਹੋਣ ਕਰਕੇ ਇਹ ਸਾਰੀ ਦੁਨੀਆਂ ਦੇ ਸਿੱਖਾਂ ਦੀ ਜਗ੍ਹਾ ਹੈ । ਇਕੱਲੇ ਅਸੀਂ ਇਸ ਦੇ ਮਾਲਕ ਨਹੀਂ ਹਾਂ । ਇਸ ਤਰ੍ਹਾਂ ਕਈ ਸਵਾਲ-ਜਵਾਬ ਹੋਏ, ਪਰ ਸਿੱਖ ਇਹ ਅਸਥਾਨ ਵੇਚਣ ਲਈ ਨਾ ਮੰਨੇ । ਉਸ ਵਕਤ ਬਾਦਸ਼ਾਹ ਦੇ ਅਹਿਲਕਾਰ ਅਲੀ ਅਹਿਮਦ ਜਾਨ ਨੇ ਕਿਹਾ, “ਤੁਮ ਅਮੀਰ ਸਾਹਿਬ ਕੇ ਸਾਥ ਜ਼ਿਆਦਾ ਗੁਫ਼ਤਗੂ ਮਤ ਕਰੋ । ਅਗਰ ਗੁਫ਼ਤਗੂ ਕਰੋਗੇ ਤੋ ਅਮੀਰ ਸਾਹਿਬ ਤੁਮ ਕੋ ਮਾਰ ਡਾਲੇਗਾ ।” ਇਸ ਵੇਲੇ ਸਾਰੇ ਹਾਜ਼ਰ ਸਿੱਖਾਂ ਨੇ ਇਕ ਜ਼ਬਾਨ ਹੋ ਕੇ ਆਖਿਆ , “ ਜੋ ਅਮੀਰ ਸਾਹਿਬ ਹਮ ਕੋ ਬੇਸ਼ੱਕ ਮਾਰ ਡਾਲੇ, ਪਰ ਹਮ ਗੁਰਦੁਆਰਾ ਕਿਸੀ ਕੋ ਨਹੀ ਦੇ ਸਕਤੇ ।” ਇਸ ਪਰ ਅਮੀਰ ਹਬੀਬੁੱਲਾ ਖਾਨ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਹਿੰਦੂ ਸਿੱਖ ਚੌਧਰੀਆਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਚਸ਼ਮਾ ਸਾਹਿਬ ਦੀ ਜ਼ਮੀਨ ਉੱਤੇ ਜ਼ੋਰੀ ਕਬਜ਼ਾ ਕਰ ਲਿਆ ਗਿਆ । ਕਿਸੇ ਫ਼ਾਰਸੀ ਵਿਦਵਾਨ ਨੇ ਸੱਚ ਕਿਹਾ ਹੈ ਕਿ “ ਮੁਤਮਵਿੱਲ ਮਿਜ਼ਾਜਿ ਸ਼ਾਹਾਂ ਤਾਥਿ ਸੁਖ਼ਨ ਨਦਾਰਦ “, ਅਰਥਾਤ ਬਾਦਸ਼ਾਹਾਂ ਦਾ ਚੜ੍ਹਿਆ ਹੋਇਆ ਮਿਜ਼ਾਜ ਗੱਲ ਦੀ ਝਾਲ ਨਹੀਂ ਝੱਲ ਸਕਦਾ । ਹਿੰਦੂ ਸਿੱਖਾਂ ਦਾ ਇੱਥੇ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ । ਛੇਤੀ ਹੀ ਚਸ਼ਮੇ ਦੇ ਸਰੋਵਰ ਪੱਕੇ ਬਣਾਏ ਗਏ ਅਤੇ ਇਨ੍ਹਾਂ ਦੇ ਉੱਪਰ ਇੱਕ ਆਲੀਸ਼ਾਨ ਇਮਾਰਤ ਖੜੀ ਕਰ ਦਿੱਤੀ । ਬਾਦਸ਼ਾਹ ਜਦ ਭੀ ਜਲਾਲਾਬਾਦ ਆਉੰਦਾ ਤਾਂ ਇੱਥੇ ਹੀ ਠਹਿਰਦਾ ਸੀ । ਜਦ ਗਰਮੀ ਦੇ ਦਿਨਾਂ ਵਿੱਚ ਬਾਦਸ਼ਾਹ ਕਾਬੁਲ ਚਲਾ ਜਾਂਦਾ ਤਾਂ ਹਿੰਦੂ ਸਿੱਖ ਸ਼ਾਹੀ ਸਿਪਾਹੀਆਂ ਤੇ ਨੌਕਰਾਂ ਨੂੰ ਲੋਭ ਦੇ ਕੇ ਚਸ਼ਮਾ ਸਾਹਿਬ ਦੇ ਦਰਸ਼ਨ ਕਰਦੇ ਤੇ ਜਲ ਦੀਆਂ ਚੁਲ਼ੀਆਂ ਛਕਦੇ ਸਨ । ਪਰ ਇਸ਼ਨਾਨ ਨਹੀਂ ਸਨ ਕਰ ਸਕਦੇ । ਅਮੀਰ ਹਬੀਬੁੱਲਾ ਖਾਨ ਦੀ ਹਕੂਮਤ ਦੇ ੧੯੧੯ ਵਿੱਚ ਅੰਤ ਤੱਕ ਇਹ ਹੀ ਹਾਲਤ ਰਹੀ ।
ਜਦ ਹਬੀਬੁੱਲਾ ਖਾਨ ਦਾ ਪੁੱਤਰ ਅਮੀਰ ਅਮਾਨੁੱਲਾ ਖਾਨ ਬਾਦਸ਼ਾਹ ਬਣਿਆ ਅਤੇ ਜਲਾਲਾਬਾਦ ਆਇਆ ਤਾਂ ਹਿੰਦੂ ਸਿੱਖਾਂ ਦਾ ਇਸ ਡੈਪੂਟੇਸ਼ਨ ਉਸ ਦੀ ਖ਼ਿਦਮਤ ਵਿੱਚ ਹਾਜ਼ਰ ਹੋਇਆ । ਅਮੀਰ ਅਮਾਉੱਲਾ ਖਾਨ ਇੱਕ ਖੁੱਲ੍ਹ-ਦਿਲਾ ਬਾਦਸ਼ਾਹ ਸੀ । ਉਸ ਵਿੱਚ ਬਹੁਤਾ ਮਜ਼ਹਬੀ ਪੱਖ-ਪਾਤ ਨਹੀਂ ਸੀ । ਜਿਵੇਂ ਪਿੱਛੇ ਦੱਸਿਆ ਜਾ ਚੁੱਕਾ ਹੈ ਉਸ ਨੇ ਮੁਲਾਣਿਆਂ ਦੇ ਵਿਰੋਧ ਹੁੰਦੇ ਹੋਏ ਭੀ ਕਾਬੁਲ ਵਿੱਚ ਸਿੱਖਾਂ ਨਾਲ ਇਸਸਾਫ ਕਰਕੇ ਗੁਰਦੁਆਰਾ ਜੋਤੀ ਸਰੂਪ ਦੀ ਕੰਧ ਬਣਵਾ ਦਿੱਤੀ ਸੀ । ਅਮੀਰ ਅਮਾਨੁੱਲਾ ਖਾਨ ਨੇ ਹਿੰਦੂ ਸਿੱਖਾਂ ਦੀ ਗੱਲ ਬੜੇ ਧੀਰਜ ਨਾਲ ਸੁਣੀ ਅਤੇ ਉਨ੍ਹਾਂ ਦੇ ਧਾਰਮਿਕ ਜਜ਼ਬਾਤ ਦੀ ਕਦਰ ਕਰਦੇ ਹੋਏ ਉਨ੍ਹਾਂ ਨੂੰ ਚਸ਼ਮਾ ਸਾਹਿਬ ਵਿੱਚ ਇਸ਼ਨਾਨ ਕਰਨ ਦੀ ਖੁੱਲ੍ਹ ਦੇ ਦਿੱਤੀ ।
ਕੁਝ ਚਿਰ ਬਾਅਦ ਮਾਸਟਰ ਊਧਮ ਸਿੰਘ ਜੀ ਨੇ, ਜੋ ਪੰਜਾਬੀ ਸਿੱਖ ਸਨ, ਅਫ਼ਗ਼ਾਨਿਸਤਾਨ ਦੇ ਖ਼ਾਸ-ਖ਼ਾਸ ਮੋਹਰੀ ਸਿੱਖਾਂ ਨਾਲ ਮਿਲ ਕੇ ਬਾਦਸ਼ਾਹ ਪਾਸੋਂ ਇੱਥੇ ਵਿਸਾਖੀ ਦਾ ਦੀਵਾਨ ਕਰਨ ਦੀ ਆਗਿਆ ਲੈ ਲਈ । ਸਿੱਖਾਂ ਨਾਲ ਇਸ ਪ੍ਰਕਾਰ ਦੇ ਹਮਦਰਦੀ ਦੇ ਸਲੂਕ ਵਿੱਚ, ਸੁਣਿਆ ਹੈ, ਸਰਦਾਰ ਨਾਦਰ ਖਾਨ ਸਿਪਾਹ-ਸਲਾਰ ਦਾ ( ਜੋ ਬਾਅਦ ਵਿੱਚ ਬਚਾ-ਸੱਕਾ ਪਿੱਛੋਂ ਮੁਹੰਮਦ ਨਾਦਰ ਸ਼ਾਹ ਨਾਉਂ ਨਾਲ ਅਫ਼ਗ਼ਾਨਿਸਤਾਨ ਦਾ ਬਾਦਸ਼ਾਹ ਬਣਿਆ ) ਕਾਫੀ ਹੱਥ ਸੀ । ਜਿਸ ਲਈ ਅਫ਼ਗ਼ਾਨਿਸਤਾਨ ਦੇ ਸਿੱਖ ਹੁਣ ਤੱਕ ਉਨ੍ਹਾਂ ਨੂੰ ਬੜੀ ਇੱਜ਼ਤ ਤੇ ਪ੍ਰੇਮ ਨਾਲ ਯਾਦ ਕਰਦੇ ਹਨ ।
ਸੰਮਤ ੧੯੮੫ ਬਿਕ੍ਰਮੀ ( ਸੰਨ ੧੯੨੮-੨੯ ਈ. ) ਵਿੱਚ ਜਦ ਰਾਜ-ਰੌਲ਼ਾ ਪੈ ਗਿਆ ਅਤੇ ਬਾਦਸ਼ਾਹ ਕਾਬਲੋਂ ਨੱਸ ਗਿਆ ਤਾਂ ਫ਼ਸਾਦੀ ਮੁਸਲਮਾਨਾਂ ਨੇ ਇੱਥੇ ਹੀ ਸ਼ਾਹੀ ਇਮਾਰਤ ਨੂੰ ਲੁੱਟ ਲਿਆ ਤੇ ਅੱਗ ਲਗਾ ਦਿੱਤੀ । ਹੁਣ ਇਸ ਵੇਲੇ ਇਸ ਇਮਾਰਤ ਦੀਆਂ ਸੜੀਆਂ ਹੋਈਆਂ ਕੰਧਾਂ ਖੜੋਤੀਆਂ ਹਨ । ਸਰੋਵਰ ਬਚੇ ਹੋਏ ਹਨ । ਇਨ੍ਹਾਂ ਦਾ ਅਤੇ ਨਾਲ ਦੇ ਬਾਗ ਦਾ ( ਜੋ 20 ਜਰੀਬ ਹੈ ) ਕਬਜ਼ਾ ਹਕੂਮਤ ਪਾਸ ਹੀ ਹੈ । ਪਰ ਸਿੰਘਾਂ ਨੂੰ ਵਿਸਾਖੀ ਦੇ ਦੀਵਾਨ ਕਰਨ ਦੀ ਪੂਰੀ – ਪੂਰੀ ਖੁੱਲ੍ਹ ਹੈ ਅਤੇ ਹਕੂਮਤ ਦਾ ਇਨ੍ਹਾਂ ਨਾਲ ਸਲੂਕ ਬੜਾ ਚੰਗਾ ਹੈ । ਵਿਸਾਖੀ ਦੇ ਦੀਵਾਨ ਤੇ ਜਲੂਸ ਲਈ ਹਰ ਪ੍ਰਕਾਰ ਦੀ ਸਹਾਇਤਾ ਤੇ ਲੋੜੀਂਦੀਆਂ ਵਸਤਾਂ ਸਰਕਾਰ ਵੱਲੋਂ ਮਿਲਦੀਆਂ ਹਨ । ਕਈ ਸਰਕਾਰੀ ਅਫ਼ਸਰ ਜਲੂਸ ਅਤੇ ਦੀਵਾਨ ਵਿੱਚ ਸ਼ਾਮਲ ਹੁੰਦੇ ਹਨ । ਇਸ ਦੀਵਾਨ ਦਾ ਪ੍ਰਬੰਧ ਖ਼ਾਲਸਾ ਦੀਵਾਨ ਅਫ਼ਗ਼ਾਨਿਸਤਾਨ ਵੱਲੋਂ ਕੀਤਾ ਜਾਂਦਾ ਹੈ । ਸੁਲਤਾਨਪੁਰ ਦਾ ਵਿਸਾਖੀ ਦਾ ਮੇਲਾ ਬੜੀ ਸਜ ਧਜ ਅਤੇ ਠਾਠ ਨਾਲ ਹੁੰਦਾ ਹੈ । ਅਫ਼ਗ਼ਾਨਿਸਤਾਨ ਦੇ ਹਰ ਹਿੱਸੇ ‘ਚੋਂ ਸਿੱਖ ਸੇਵਕ ਇੱਥੇ ਇਕੱਠੇ ਹੁੰਦੇ ਹਨ ਅਤੇ ਕਿਸ ਤਰ੍ਹਾਂ ਪੰਜਾ ਸਾਹਿਬ ਦੀ ਵਿਸਾਖੀ ਦਾ ਸਮਾਂ ਬੱਝ ਜਾਂਦਾ ਹੈ । ਇਸ ਮੇਲੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਮੌਕੇ ਤੇ ਏਥੇ ਬਹੁਤ ਸਾਰੇ ਵਿਆਹ ਇਕੱਠੇ ਹੀ ਪੜ੍ਹਾ ਦਿੱਤੇ ਜਾਂਦੇ ਹਨ ਜਿਸ ਨਾਲ ਰੌਣਕ ਹੋਰ ਭੀ ਚਮਕ ਪੈਂਦੀ ਹੈ । ਦੂਸਰੇ ਪਾਸੇ ਵਿਆਹ ਵਾਲਿਆਂ ਦਾ ਖਰਚ ਕੋਈ ਨਹੀਂ ਹੁੰਦਾ । ਲੰਗਰ ਗੁਰੂ ਦਾ ਖੁੱਲ੍ਹਾ ਵਰਤਦਾ ਹੈ । ਹੋਰ ਕੋਈ ਅਡੰਬਰ ਤੇ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ । ਖ਼ਾਲਸਾ ਦੀਵਾਨ ਦੇ ਪ੍ਰਬੰਧਕ ਕੜਾਹ ਪ੍ਰਸ਼ਾਦ ਲਈ ਕੇਵਲ ੩੫ ਅਫ਼ਗ਼ਾਨੀ ਰੁਪੈ ਲੈਂਦੇ ਹਨ ਜੋ ਪੰਜ ਕੁ ਹਿੰਦੁਸਤਾਨੀ ਰੁਪਿਆਂ ਦੇ ਬਰਾਬਰ ਹਨ । ਗੱਲ ਕੀ, ਮੁਫ਼ਤੋ – ਮੁਫ਼ਤ ਹੀ ਕਾਰਜ ਸਰ ਜਾਂਦਾ ਹੈ । ਵਿਸਾਖੀ ਉੱਤੇ ਚਸ਼ਮਾ ਸਾਹਿਬ ਆਈਆਂ ਸੰਗਤਾਂ ਲਈ ਤੰਬੂ ਤੇ ਛੌਲਦਾਰੀਆਂ ਦਾ ਖੁੱਲ੍ਹਾ ਪ੍ਰਬੰਧ ਹੁੰਦਾ ਹੈ ਅਤੇ ਪੂਰਾ ਬਜ਼ਾਰ ਲੱਗ ਜਾਂਦਾ ਹੈ । ਚਸ਼ਮਾ ਸਾਹਿਬ ਦੇ ਬਾਗ ਦੇ ਆਲੇ – ਦੁਆਲੇ ਕੰਧ ਹੋਣ ਕਰਕੇ ਇੱਥੇ ਇੱਕ ਤੰਬੂਆਂ ਦੇ ਸ਼ਹਿਰ ਦੀ ਗਹਿਮਾ-ਗਹਿਮ ਹੋ ਜਾਂਦੀ ਹੈ ।
ਡਾ ਗੰਡਾ ਸਿੰਘ ੨੬ ਸਤੰਬਰ ੧੯੫੨ ਈ ਨੂੰ ਅੱਗੇ ਲਿਖਦੇ ਹਨ ਕਿ ਪਿੰਡ ਦੇ ਲਾਗੇ ਹੀ ਸੜਕ ਉੱਤੇ ਗੁਰੂ ਨਾਨਕ ਲੰਗਰ ਲੱਗਿਆ ਹੋਇਆ ਹੈ ਜਿੱਥੇ ਕਿ ਹਰ ਧਰਮ ਦੇ ਰਾਹੀਆਂ ਨੂੰ, ਭਾਵੇਂ ਉਹ ਹਿੰਦੂ-ਸਿੱਖ ਹੋਣ ਜਾਂ ਮੁਸਲਮਾਨ, ਤਿਆਰ ਪਰਸ਼ਾਦਾ ਮਿਲਦਾ ਹੈ । ਇਸ ਲੰਗਰ ਦੇ ਪ੍ਰਬੰਧਕ ਭਾਈ ਬਹਾਦਰ ਸਿੰਘ ਹਨ ਜੋ ਬੜੇ ਪ੍ਰੇਮ ਨਾਲ ਸੇਵਾ ਕਰਦੇ ਹਨ । ਲੰਗਰ ਦੀ ਕੋਈ ਬਝਵੀਂ ਆਮਦਨੀ ਨਹੀਂ ਹੈ ਤੇ ਇਸ ਨੂੰ ਚੱਲਦਾ ਰੱਖਣ ਲਈ ਭਾਈ ਬਹਾਦਰ ਸਿੰਘ ਨੇ ਹੌਲੀ – ਹੌਲੀ ਆਪਣੀ ਜਾਇਦਾਦ ਵੇਚ ਕੇ ਇੱਥੇ ਲੰਗਰ ਵਿੱਚ ਲਾ ਦਿੱਤੀ ਹੈ ।”
ਇਸ ਅਸਥਾਨ ਹਰ ਸਾਲ ਵਿਸਾਖੀ ਮੌਕੇ ਵੱਡਾ ਜੋੜ – ਮੇਲ ਤਾਂ ਭਰਦਾ ਰਿਹਾ ਹੈ । ਪਰ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਕਾ ਤੌਰ ਤੇ ਪ੍ਰਕਾਸ਼ ਨਹੀ ਹੋਇਆ । ਮੌਜੂਦਾ ਸਮੇਂ ਇਸ ਅਸਥਾਨ ਤੇ ਦੋ ਪੱਕੇ ਸਰੋਵਰ ਬਣੇ ਹੋਏ ਹਨ । ਵਿਚਕਾਰ ਕੰਧ ਹੈ । ਅੰਦਰਲਾ ਸਰੋਵਰ ਛੋਟਾ ਹੈ ਤੇ ਬਾਹਰ ਵਾਲਾ ਵੱਡਾ ਹੈ । ਦੋਵਾਂ ਦੇ ਦੁਆਲੇ ਕੰਧਾਂ ਕੀਤੀਆਂ ਹੋਈਆਂ ਹਨ ਅਤੇ ਮੁੱਖ ਦਰਵਾਜ਼ੇ ਤੇ ਖਾਲਸਾਈ ਚਿੰਨ ਖੰਡਾਂ ਤੇ ਕਿਰਪਾਨਾਂ ਵੀ ਲੱਗੀਆਂ ਹੋਈਆਂ ਹਨ । ਆਸੇ ਪਾਸੇ ਦਾ ਇਲਾਕਾ ਹਰਿਆ ਭਰਿਆ ਹੈ ਜਿੱਥੇ ਫੁੱਲਾਂ ਤੇ ਫਲਾਂ ਵਾਲੇ ਰੁੱਖ ਚੋਖੀ ਗਿਣਤੀ ਵਿੱਚ ਲੱਗੇ ਹੋਏ ਹਨ ।
ਜੋੜ ਮੇਲਾ – ਇਸ ਅਸਥਾਨ ਦੀ ਵਿਲੱਖਣ ਗੱਲ ਇਹ ਸੀ ਕਿ ਪੂਰੇ ਅਫ਼ਗਾਨਿਸਤਾਨ ਦੇ ਸਿੱਖ ਇੱਥੇ ਆ ਕੇ ਵਿਸਾਖੀ ਦੇ ਜੋੜ ਮੇਲ ਮੌਕੇ ਆਪਣੇ ਬੱਚਿਆਂ ਦੇ ਸਮੂਹਿਕ ਰੂਪ ਵਿੱਚ ਆਨੰਦ ਕਾਰਜ ਕਰਦੇ ਸਨ । ਜੇਕਰ ਰਿਸ਼ਤੇ ਦੀ ਪੱਕ ਠੀਕ ਪਹਿਲਾਂ ਵੀ ਹੋ ਜਾਂਦੀ ਸੀ ਤਾਂ ਵੀ ਵਿਸਾਖੀ ਦੇ ਜੋੜ ਮੇਲ ਮੌਕੇ ਹੀ ਆਨੰਦ ਕਾਰਜ ਹੁੰਦੇ ਸਨ ਜਾਂ ਅਕਸਰ ਜੋੜ ਮੇਲ ਮੌਕੇ ਵੀ ਸਿੱਖ ਪਰਿਵਾਰ ਆਪਸ ‘ਚ ਮਿਲਣ ਵਾਲੇ ਆਪਣੇ ਬੱਚਿਆਂ ਲਈ ਯੋਗ ਰਿਸ਼ਤਾ ਦੇਖ ਕੇ ਮੌਕੇ ਤੇ ਆਨੰਦ ਕਾਰਜ ਕਰਵਾਉੰਦੇ ਸਨ ।
ਇਸ ਅਸਥਾਨ ਤੋਂ ਲਗਭਗ ਦਸ ਕਿਲੋਮੀਟਰ ਕਿਲੋਮੀਟਰ ਦੀ ਦੂਰੀ ਤੇ ਜਲਾਲਾਬਾਦ ਸ਼ਹਿਰ ਹੈ । ਜਿੱਥੇ ਸਿੱਖਾਂ ਦੀ ਚੋਖੀ ਗਿਣਤੀ ਸੀ । ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਸ਼ਸ਼ੋਬਿਤ ਹੈ । ਜੋ ਜਲਾਲਾਬਾਦ ਦੀਆਂ ਸਿੱਖ ਸਰਗਰਮੀਆਂ ਦਾ ਕੇਂਦਰ ਸੀ ਤੇ ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਤੋਂ ਹੀ ਲਿਆਂਦਾ ਜਾਂਦਾ ਸੀ । ਉਸਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਨਾਮ ਤੇ ਵੀ ਇਕ ਗੁਰੂ ਘਰ ਜਲਾਲਾਬਾਦ ਵਿੱਚ ਹੈ ।
ਇਸ ਚਸ਼ਮਾ ਸਾਹਿਬ ਦੀ ਇੱਕ ਅਲੌਕਿਕ ਗਾਥਾ ਹੈ ਕਿ ਜੇਕਰ ਮੁਕਾਮੀ ਲੋਕਾਂ ਦੁਆਰਾ ਇਸਦੀ ਪਵਿੱਤਰਤਾ ਦਾ ਖਿਆਲ ਨਹੀ ਰੱਖਿਆ ਜਾਂਦਾ ਤਾਂ ਇਹ ਚਸ਼ਮਾ ਸਾਹਿਬ ਆਪਣੇ ਆਪ ਸੁੱਕ ਜਾਂਦਾ ਹੈ । ਕਈ ਦਫ਼ਾ ਇਸ ਤਰ੍ਹਾਂ ਹੋਇਆ ਹੈ । ਫੇਰ ਸਿੱਖ ਇਕੱਠੇ ਹੋਕੇ ਸੰਗਤੀ ਰੂਪ ਵਿੱਚ ਇਸ ਅਸਥਾਨ ਤੇ ਆਕੇ ਅਰਦਾਸ ਕਰਦੇ ਹਨ ਤਾਂ ਉਹ ਚਸ਼ਮਾ ਸਾਹਿਬ ਮੁੜ ਪ੍ਰਗਟ ਹੋਇਆ ਹੈ । ਜਿਵੇਂ ਇੱਕ ਵਾਰ ਚਸ਼ਮਾ ਸਾਹਿਬ ਸੁੱਕ ਜਾਣ ਤੇ ਨਨਕਾਣਾ ਸਾਹਿਬ ਤੋਂ ਗਏ ਭਾਈ ਸੁਜਾਨ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਸ੍ਰੀ ਸਾਹਿਬ ਮਾਰੀ ਗਈ ਤੇ ਫੇਰ ਚਸ਼ਮਾ ਸਾਹਿਬ ਦੁਬਾਰਾ ਹਰਾ ਹੋ ਗਿਆ ।
ਅਫ਼ਗ਼ਾਨਿਸਤਾਨ ਵਿੱਚ ਚੱਲ ਰਹੀ ਉਥਲ ਪੁਥਲ ਕਰਕੇ ਸਮੇਂ – ਸਮੇਂ ਤੇ ਇੱਥੋਂ ਦੇ ਸਿੱਖ ਹਿਜਰਤ ਕਰਕੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਚੱਲੇ ਗਏ । ਭਲੇ ਵੇਲਿਆਂ ਵਿੱਚ ਅਫ਼ਗਾਨੀ ਸਿੱਖਾਂ ਦੀ ਗਿਣਤੀ ਦੋ ਲੱਖ ਤੋਂ ਉੱਪਰ ਸੀ ਪਰ ਹੁਣ ਪੂਰੇ ਅਫ਼ਗਾਨਿਸਤਾਨ ਵਿੱਚ ਦੋ ਦਰਜਨ ਤੋਂ ਵੀ ਘੱਟ ਸਿੱਖ ਰਹਿ ਗਏ ਹਨ । ਜਿਸ ਕਾਰਨ ਨਾ ਸਿਰਫ ਇਹਨਾਂ ਸਾਰੇ ਅਸਥਾਨਾਂ ਦੀ ਸੇਵਾ ਸੰਭਾਲ ਪ੍ਰਭਾਵਿਤ ਹੋ ਰਹੀ ਹੈ । ਬਲਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਇੱਕ ਵਿਲੱਖਣ ਪ੍ਰਤੀਕ ਅਫ਼ਗਾਨੀ ਸਿੱਖ ਸਿੱਖ ਵੀ ਆਪਣੇ ਮੂਲ ਭੂਮੀ ਤੋਂ ਉੱਜੜ ਰਹੇ ਹਨ ਤੇ ਸਿੱਖ ਫੁਲਵਾੜੀ ਦਾ ਇੱਕ ਟਹਿਕਦਾ ਫੁੱਲ ਆਪਣੇ ਜੰਮਣ ਭੋਇੰ ਤੋਂ ਖ਼ਾਤਮੇ ਦੀ ਕਗਾਰ ਤੇ ਖੜ੍ਹਾ ਹੈ।
ਗਦਰੀ ਬਾਬਿਆਂ ਨਾਲ ਜੁੜੀਆਂ ਗੁਰਦੁਆਰਾ ਚਸ਼ਮਾ ਸਾਹਿਬ ਦੀਆਂ ਯਾਦਾਂ ਬਾਰੇ ਡਾ ਗੁਰਦੇਵ ਸਿੰਘ ਸਿੱਧੂ ਦਾ ਲੇਖ
ਸਾਲ 1906 ਵਿਚ ਅਫ਼ਗਾਨਿਸਤਾਨ ਦਾ ਬਾਦਸ਼ਾਹ ਹਬੀਬੁਲਾ ਹਿੰਦੁਸਤਾਨ ਤੋਂ ਮੁੜਦਾ ਹੋਇਆ ਕੁੱਝ ਦਿਨ ਜਲਾਲਾਬਾਦ ਠਹਿਰਿਆ। ਇਕ ਦਿਨ ਸੈਰ ਲਈ ਨਿਕਲਿਆ ਤਾਂ ਜਲਾਲਾਬਾਦ ਤੋਂ ਕਾਬਲ ਨੂੰ ਜਾਂਦੀ ਸੜਕ ਉੱਤੇ ਜਲਾਲਾਬਾਦ ਤੋਂ 8 ਕਿਲੋਮੀਟਰ ਦੂਰ ਸੁਲਤਾਨਪੁਰ ਆਇਆ ਅਤੇ ਚਸ਼ਮੇ ਕਾਰਨ ਬਣੇ ਰਮਣੀਕ ਸਥਾਨ, ਇਸ ਦੇ ਨਾਲ ਲੱਗਦੇ ਬਾਗ ਦੇ ਸੁਹੱਪਣ, ਸਾਫ ਹਵਾ ਪਾਣੀ ਤੇ ਇਕਾਂਤ ਚੁਗਿਰਦੇ ਦਾ ਉਸ ਦੇ ਦਿਲ ‘ਤੇ ਐਸਾ ਅਸਰ ਹੋਇਆ ਕਿ ਉਸ ਨੇ ਇਥੇ ਸ਼ਾਹੀ ਮਹਿਲ ਬਣਾਉਣ ਦੀ ਧਾਰ ਲਈ; ਪਰ ਜ਼ਮੀਨ ਦੀ ਮਾਲਕੀ ਸਰਕਾਰੀ ਨਹੀਂ ਸੀ, ਧਰਮਾਰਥ ਸੀ ਕਿਉਂਕਿ ਕਈ ਸਦੀਆਂ ਪਹਿਲਾਂ ਗੁਰੂ ਨਾਨਕ ਬਗਦਾਦ ਤੋਂ ਵਾਪਸ ਆਉਂਦੇ ਹੋਏ ਇੱਥੇ ਰੁਕੇ ਸਨ। ਹਬੀਬੁੱਲਾ ਨੇ ਸੁਲਤਾਨਪੁਰ ਦੇ ਹਿੰਦੂ ਸਿੱਖ ਮੁਖੀਆਂ ਤੋਂ ਇਹ ਜ਼ਮੀਨ ਖਰੀਦਣੀ ਚਾਹੀ, ਪਰ ਜਦ ਉਹ ਨਾ ਮੰਨੇ ਤਾਂ ਉਸ ਨੇ ਇਸ ਜ਼ਮੀਨ ਉੱਤੇ ਜ਼ੋਰੀ ਕਬਜ਼ਾ ਕਰ ਕੇ ਮਹਿਲ ਉਸਾਰ ਲਿਆ। ਉਹ ਜਦੋਂ ਜਲਾਲਾਬਾਦ ਆਉਂਦਾ ਤਾਂ ਇੱਥੇ ਰਹਿੰਦਾ। ਗੁਰੂ ਨਾਨਕ ਨਾਮ ਲੇਵਾ ਸਿੱਖ ਉਸ ਦੀ ਗੈਰਹਾਜ਼ਰੀ ਵਿਚ ਨੌਕਰਾਂ ਨੂੰ ਲੋਭ ਦੇ ਕੇ ਚਸ਼ਮਾ ਸਾਹਿਬ ਦੇ ਦਰਸ਼ਨ ਅਤੇ ਇਸ਼ਨਾਨ ਕਰਦੇ। 1919 ਵਿਚ ਹਬੀਬੁੱਲਾ ਦਾ ਕਤਲ ਹੋਣ ਪਿੱਛੋਂ ਉਸ ਦਾ ਪੁੱਤਰ ਅਮਾਨੁੱਲਾ ਬਾਦਸ਼ਾਹ ਬਣਿਆ। ਅਮਾਨੁੱਲਾ ਸੁਲਾਹ-ਕੁੱਲ ਤਬੀਅਤ ਦਾ ਬੰਦਾ ਸੀ। ਉਹ ਜਲਾਲਾਬਾਦ ਆਇਆ ਤਾਂ ਸਿੱਖਾਂ ਨੇ ਉਸ ਨੂੰ ਮਿਲ ਕੇ ਚਸ਼ਮਾ ਸਾਹਿਬ ਬਾਰੇ ਮੰਗ ਰੱਖੀ। ਸਿੱਖਾਂ ਦੀ ਮੰਗ ਪ੍ਰਵਾਨ ਕਰਦਿਆਂ ਉਸ ਨੇ ਸਿੱਖਾਂ ਨੂੰ ਚਸ਼ਮਾ ਸਾਹਿਬ ਵਿਚ ਇਸ਼ਨਾਨ ਕਰਨ ਦੀ ਖੁੱਲ੍ਹ ਦੇ ਦਿੱਤੀ।
ਅਮਾਨੁੱਲਾ ਦੀ ਨੀਤੀ ਅੰਗਰੇਜ਼ ਵਿਰੋਧੀ ਹੋਣ ਕਾਰਨ ਇਨ੍ਹੀਂ ਦਿਨੀਂ ਅਫਗਾਨਸਤਾਨ ਨੂੰ ਹਿੰਦੁਸਤਾਨੀ ਦੇਸ਼ ਭਗਤਾਂ ਵਾਸਤੇ ਸੁਰੱਖਿਅਤ ਠਾਹਰ ਸਮਝਿਆ ਜਾਂਦਾ ਸੀ। ਇਸ ਲਈ ਮਾਸਟਰ ਮੋਤਾ ਸਿੰਘ ਕੁੱਝ ਸਮਾਂ ਇੱਥੇ ਰਹੇ ਸਨ। 1921 ਵਿਚ ਗਦਰੀ ਊਧਮ ਸਿੰਘ ਕਸੇਲ ਜੋ ਗਦਰੀਆਂ ਦੇ ਮੁਕੱਦਮੇ ਵਿਚ ਮਿਲੀ ਉਮਰ ਕੈਦ ਦੀ ਸਜ਼ਾ ਭੁਗਤਦਿਆਂ ਜੇਲ੍ਹ ਵਿਚੋਂ ਫਰਾਰ ਹੋ ਗਿਆ ਸੀ, ਕੁੱਝ ਸਮਾਂ ਪੰਜਾਬ ਵਿਚ ਗੁਜ਼ਾਰਨ ਪਿੱਛੋਂ ਕਾਬਲ ਨੂੰ ਜਾਂਦਾ ਹੋਇਆ ਜਲਾਲਾਬਾਦ ਰੁਕਿਆ। ਜਲਾਲਾਬਾਦ ਵਿਚ ਆਪਣੀ ਠਹਿਰ ਦੇ ਥੋੜ੍ਹੇ ਹੀ ਸਮੇਂ ਵਿਚ ਉਹ ਆਪਣੇ ਮਿਲਣਸਾਰ ਸੁਭਾਅ ਕਾਰਨ ਸਥਾਨਕ ਸਿੱਖ- ਹਿੰਦੂ ਵਸੋਂ ਦੇ ਦਿਲਾਂ ਵਿਚ ਵਸ ਗਿਆ ਤਾਂ ਉਸ ਨੇ ਇੱਥੇ ਰਹਿ ਕੇ ਹੀ ਅੰਗਰੇਜ਼ ਵਿਰੋਧੀ ਸਰਗਰਮੀਆਂ ਜਾਰੀ ਰੱਖਣ ਦਾ ਫੈਸਲਾ ਕੀਤਾ। ਛੇਤੀ ਹੀ ਉਸ ਵਾਂਗ ਅੰਗਰੇਜ਼ੀ ਜੇਲ੍ਹ ਵਿਚੋਂ ਭਗੌੜਾ ਹੋਇਆ ਉਮਰ ਕੈਦੀ ਗਦਰੀ ਗੁਰਮੁਖ ਸਿੰਘ ਲਲਤੋਂ ਵੀ ਉਸ ਪਾਸ ਆ ਗਿਆ। ਉਨ੍ਹਾਂ ਗੁਪਤ ਰੂਪ ਵਿਚ ਅੰਮ੍ਰਿਤਸਰ ਜਾ ਕੇ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਮੰਗਲ ਸਿੰਘ ਬੀਏ, ਸੂਬੇਦਾਰ ਸੁਰੈਣ ਸਿੰਘ ਅਤੇ ਹੋਰ ਅਕਾਲੀ ਲੀਡਰਾਂ ਨਾਲ ਸੰਪਰਕ ਬਣਾਇਆ ਅਤੇ ਉਨ੍ਹਾਂ ਦੀ ਸਲਾਹ ਨਾਲ ਜਲਾਲਾਬਾਦ ਵਿੱਚ ਖਾਲਸਾ ਦੀਵਾਨ ਬਣਾਇਆ ਜਿਸ ਨਾਲ ਇਨਕਲਾਬੀਆਂ ਦਾ ਸਿੱਖ ਪ੍ਰਚਾਰਕਾਂ ਦੇ ਰੂਪ ਵਿਚ ਅਫਗਾਨਿਸਤਾਨ ਜਾਣਾ ਸੰਭਵ ਹੋ ਗਿਆ।
ਊਧਮ ਸਿੰਘ ਕਸੇਲ ਦੀ ਪਹਿਲਕਦਮੀ ਉੱਤੇ ਲਾਲਪੁਰਾ ਵਿਚ ਖਾਲਸਾ ਸਕੂਲ ਵੀ ਖੋਲ੍ਹਿਆ ਗਿਆ ਜਿੱਥੇ ਉਹ ਖੁਦ ਪੜ੍ਹਾਉਂਦਾ ਸੀ। ਊਧਮ ਸਿੰਘ ਦੀ ਅਗਵਾਈ ਵਿਚ ਸਿੱਖਾਂ ਵੱਲੋਂ ਬਾਦਸ਼ਾਹ ਅਮਾਨੁੱਲਾ ਨੂੰ ਮਿਲ ਕੇ ਮੰਗ ਕੀਤੇ ਜਾਣ ਉੱਤੇ ਚਸ਼ਮਾ ਸਾਹਿਬ ਦਾ ਪ੍ਰਬੰਧ ਸਿੱਖ ਸੰਗਤ ਨੂੰ ਸੌਂਪ ਦਿੱਤਾ ਗਿਆ। ਫਲਸਰੂਪ, ਗੁਰਦੁਆਰੇ ਦੀ ਇਮਾਰਤ ਉਸਾਰੀ ਗਈ ਅਤੇ ਸਿੱਖ ਸੰਗਤ ਜੁੜਨ ਲੱਗੀ।
ਸਥਾਨਕ ਵਸੋਂ ਵਿਚ ਊਧਮ ਸਿੰਘ ਕਸੇਲ ਦੀ ਲੋਕਪ੍ਰਿਯਤਾ ਕਾਰਨ ਗੁਰਦੁਆਰਾ ਸਿੱਖ ਸਰਗਰਮੀਆਂ ਅਤੇ ਦੇਸ਼ ਤੋਂ ਆਉਣ ਵਾਲੇ ਪੰਜਾਬੀ ਇਨਕਲਾਬੀਆਂ ਲਈ ਮਿਲ ਬੈਠਣ ਦਾ ਕੇਂਦਰ ਬਣ ਗਿਆ। 1923 ਵਿਚ ਖਾੜਕੂ ਸਿੱਖ ਆਗੂ ਤੇਜਾ ਸਿੰਘ ਭੁੱਚਰ ਨੇ ਵਿਸਾਖੀ ਮੌਕੇ ਗੁਰਦੁਆਰੇ ਵਿਚ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਅਤੇ ਅਫਗਾਨ ਇਨਕਲਾਬੀ ਫਜ਼ਲ-ਇ-ਰਬੀ ਨਾਲ ਮੁਲਾਕਾਤ ਕੀਤੀ। ਇਸੇ ਸਾਲ ਅਕਾਲੀ ਆਗੂ ਗੱਜਣ ਸਿੰਘ ‘ਭਰਮ ਤੋੜ’ (ਲੁਧਿਆਣਾ) ਵੀ ਇੱਥੇ ਆਇਆ। ਇਉਂ ਹੀ ਜਦ 1924 ਵਿਚ ਅਕਾਲੀ ਆਗੂਆਂ ਦੇ ਮੁਕੱਦਮੇ ਵਿਚ ਰਣਜੀਤ ਸਿੰਘ ਤਾਜਵਰ (ਅੰਮ੍ਰਿਤਸਰ) ਦੇ ਵਾਰੰਟ ਨਿਕਲੇ ਤਾਂ ਗ੍ਰਿਫ਼ਤਾਰੀ ਤੋਂ ਬਚਣ ਵਾਸਤੇ ਉਹ ਵੀ ਕਾਬਲ ਨੂੰ ਜਾਂਦਾ ਹੋਇਆ ਇਸ ਗੁਰਦੁਆਰੇ ਵਿਚ ਠਹਿਰਿਆ। ਉਸ ਨੇ ਵਿਸਾਖੀ ਦੇ ਦੀਵਾਨ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਵਿਚ ਚੱਲ ਰਹੇ ਅਕਾਲੀ ਮੋਰਚਿਆਂ ਬਾਰੇ ਜਾਣਕਾਰੀ ਦਿੱਤੀ। ਦੀਵਾਨ ਵਿੱਚ ਬਾਦਸ਼ਾਹ ਵੱਲੋਂ ਹਾਜ਼ਰ ਹਾਕਮ-ਏ-ਆਹਲਾ ਨੇ ਆਪਣੇ ਭਾਸ਼ਨ ਵਿਚ ਅਕਾਲੀ ਲਹਿਰ ਨਾਲ ਹਮਦਰਦੀ ਪ੍ਰਗਟਾਈ। ਇਨ੍ਹਾਂ ਯਤਨਾਂ ਦੇ ਫਲਸਰੂਪ ਆਪਸੀ ਸਹਿਯੋਗ ਦੀ ਭਾਵਨਾ ਐਨੀ ਪ੍ਰਬਲ ਹੋਈ ਕਿ 1925 ਦੇ ਦੀਵਾਨ ਮੌਕੇ ਜਲੂਸ ਕੱਢਣ ਵਾਸਤੇ ਗੁਰੂ ਗ੍ਰੰਥ ਸਹਿਬ ਦੀ ਸਵਾਰੀ ਲਈ ਮੋਟਰ, ਸੰਗਤ ਦੇ ਠਹਿਰਨ ਲਈ ਤੰਬੂ ਆਦਿ ਅਤੇ ਹੋਰ ਸਾਮਾਨ ਅਫ਼ਗਾਨ ਸਰਕਾਰ ਵੱਲੋਂ ਦਿੱਤਾ ਗਿਆ।
ਊਧਮ ਸਿਘ ਕਸੇਲ ਭਾਵੇਂ ਕੁੱਝ ਲੁਟੇਰਿਆਂ ਹੱਥੋਂ 20 ਜਨਵਰੀ 1926 ਨੂੰ ਮਾਰਿਆ ਗਿਆ, ਪਰ ਸਿੱਖ ਆਗੂਆਂ ਦੀਆਂ ਜਲਾਲਾਬਾਦ ਵਿੱਚ ਕਾਰਵਾਈਆਂ ਕਾਰਨ ਸਥਾਨਕ ਸਿੱਖ ਵਸੋਂ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਈ ਜਾ ਚੁੱਕੀ ਸੀ। ਦੀਵਾਨ ਵੱਲੋਂ ਪਰਵਾਨ ਕੀਤੇ ਮਤਿਆਂ ਤੋਂ ਪਤਾ ਲੱਗਦਾ ਹੈ ਕਿ ਗੁਰਦੁਆਰੇ ਜੁੜਨ ਵਾਲੀ ਸੰਗਤ ਪੰਜਾਬ ਵਿਚ ਗੁਰਮੁਖਿਆਲ ਸਿੱਖਾਂ ਦੀ ਹਮਾਇਤ ਕਰਦੀ ਸੀ। ਦੀਵਾਨ ਵੱਲੋਂ ਪ੍ਰਵਾਨ ਇਕ ਮਤੇ ਵਿਚ ਊਧਮ ਸਿੰਘ ਕਸੇਲ ਅਤੇ ਬੱਬਰ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਅਤੇ ਇਕ ਹੋਰ ਮਤੇ ਵਿਚ ‘1925 ਵਾਲਾ ਗੁਰਦੁਆਰਾ ਐਕਟ ਪਰਵਾਨ ਕਰ ਕੇ ਪੰਥ ਦੀ ਪੰਜ ਸਾਲ ਦੀ ਜਦੋਜਹਿਦ ਨੂੰ ਮਿੱਟੀ ਘੱਟੇ ਰੋਲਣ ਵਾਲੇ ਅਕਾਲੀ ਆਗੂਆਂ’ ਦੀ ਨਿਖੇਧੀ ਕੀਤੀ ਗਈ। ਦੇਸ਼ ਵਿਦੇਸ਼ ਵਿਚ ਵਸਦੀ ਸਿੱਖ ਜਨਤਾ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਖੁਦਗਰਜ਼ ਆਗੂਆਂ ਦਾ ਬਾਈਕਾਟ ਕੀਤਾ ਜਾਵੇ ਅਤੇ ਪੰਥ ਦੀ ਇੱਜ਼ਤ ਬਹਾਲੀ ਲਈ ਅੰਮ੍ਰਿਤਸਰ ਵਿਚ ਸਰਬੱਤ ਖਾਲਸਾ ਇਕੱਤਰਤਾ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੀ ਥਾਂ ਸੱਚੇ ਸੁੱਚੇ ਪ੍ਰਤੀਨਿਧਾਂ ਦੀ ਕਮੇਟੀ ਬਣਾਈ ਜਾਵੇ। ਇਕ ਹੋਰ ਮਤੇ ਰਾਹੀਂ ਪੰਥ ਨੂੰ ਬੇਨਤੀ ਕੀਤੀ ਗਈ ਕਿ ਜਦ ਸਰਕਾਰ ਪਾਸੋਂ ਸਿੱਖ ਕੈਦੀਆਂ ਦੀ ਸਜ਼ਾ ਮੁਆਫੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਕੇਵਲ ਗੁਰਦੁਆਰਾ ਸੁਧਾਰ ਲਹਿਰ ਦੇ ਕੈਦੀਆਂ ਦੀ ਰਿਹਾਈ ਦੀ ਗੱਲ ਨਾ ਕੀਤੀ ਜਾਵੇ, ਸਗੋਂ 1914 ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਬੰਦ ਸਭ ਸਿੱਖਾਂ ਦੀ ਰਿਹਾਈ ਮੰਗੀ ਜਾਵੇ। ਅਫ਼ਗਾਨਿਸਤਾਨ ਦੇ ਮੁੱਲਾ-ਮੁਲਾਣੇ ਅਮੀਰ ਅਮਾਨੁੱਲਾ ਦੀਆਂ ਅਗਾਂਹਵਧੂ ਨੀਤੀਆਂ ਨੂੰ ਇਸਲਾਮ ਵਿਰੋਧੀ ਮੰਨਦੇ ਸਨ ਅਤੇ ਉਨ੍ਹਾਂ ਨੇ ਅਮਾਨੁੱਲਾ ਖਿਲਾਫ ਨਫਰਤ ਦੀ ਲਹਿਰ ਚਲਾਈ ਹੋਈ ਸੀ। ਅਜਿਹੇ ਮਾਹੌਲ ਵਿਚ ਵਿਰੋਧ ਦਾ ਮੁਕਾਬਲਾ ਕਰਨ ਤੋਂ ਅਸਮਰੱਥ ਅਮਾਨੁੱਲਾ 1929 ਵਿਚ ਮੁਲਕ ਛੱਡ ਗਿਆ। ਪਿੱਛੋਂ ਖਾਨਾਜੰਗੀ ਦੇ ਫਲਸਰੂਪ, ਰਾਜ ਪ੍ਰਬੰਧ ਮਜ਼੍ਹਬੀ ਆਗੂਆਂ ਦੇ ਇਸ਼ਾਰੇ ਉੱਤੇ ਚੱਲਣ ਵਾਲੇ ਅਮੀਰ ਹਬੀਬੁੱਲਾ ਕਲਕਾਨੀ ਨੇ ਹਥਿਆ ਲਿਆ। ਉਸ ਨੇ ਹਿੰਦੁਸਤਾਨ ਦੇ ਅੰਗਰੇਜ਼ ਹਾਕਮਾਂ ਨਾਲ ਵੀ ਨੇੜਤਾ ਪੈਦਾ ਕਰ ਲਈ, ਜਿਸ ਕਾਰਨ ਪੰਜਾਬੀ ਇਨਕਲਾਬੀਆਂ ਦਾ ਅਫਗਾਨਿਸਤਾਨ ਜਾਣਾ ਅਸੰਭਵ ਹੋ ਗਿਆ ਅਤੇ ਚਸ਼ਮਾ ਸਾਹਿਬ ਦੀ ਮਹੱਤਤਾ ਵੀ ਪਹਿਲਾਂ ਵਰਗੀ ਨਾ ਰਹੀ।