ਜਾਂਦੀ ਵਾਰ ਦੀ ਫਤਹਿ

ਜਾਂਦੀ ਵਾਰ ਦੀ ਫਤਹਿ

ਬਹੁਤ ਕੁਝ ਹੈ ਲਹਿੰਦੇ ਵਾਲੇ ਪਾਸਿਓ ਸਾਂਝਾ ਕਰਨ ਨੂੰ ਤੇ ਸਮੇਂ ਸਮੇਂ ’ਤੇ ਕਰਦਾ ਵੀ ਰਹਾਂਗਾ, ਪਰ ਸਭ ਤੋਂ ਪਹਿਲਾਂ ਜਿਵੇਂ ਚਿੱਠੀ ਲਿਖਦਿਆਂ ਸੁਖ ਸਾਂਦ ਲਿਖੀਦੀ ਹੈ ਉਹੀ ਕਰਨ ਲੱਗਾ ਹਾਂ। ਗੱਲ ਇਹ ਹੈ ਸਾਧ ਸੰਗਤ ਜੀ ਕਿ ਸਭ ਸੁਖ ਸਾਂਦ ਨਹੀਂ ਹੈ, ਹਾਂ ਸਾਡੀ ਰਾਜੀ ਖੁਸ਼ੀ ਦੀ ਤਮੰਨਾ ਉਹ ਜਰੂਰ ਰੱਖਦੇ ਨੇ। ਲਾਹੌਰ ਸਾਡੀ ਵਿਰਾਸਤ ਹੈ, ਲੋਕ ਸਾਡੇ ’ਤੇ ਜਾਨ ਵਾਰਦੇ ਨੇ ਹਾਂ ਸ਼ੇਰ ਏ ਪੰਜਾਬ ਦਾ ਉਦਰੇਵਾਂ ਉਹਨਾਂ ਵਿਚ ਸਾਡੇ ਨਾਲੋਂ ਬਹੁਤਾ ਹੈ, ਪਰ ਮੈਂ ਗੱਲ ਵਿੱਛੜੇ ਗੁਰਧਾਮਾਂ ਦੀ ਕਰ ਰਿਹਾ ਹਾਂ।


ਸੁਨੇਹਾਂ ਇਹ ਹੈ ਕਿ ਜਿਹਨਾਂ ਗੁਰਦੁਆਰੇ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਤੇ ਪੰਥ ਉਹਨਾਂ ਨੂੰ ਨਿਤ ਦੋਹੇਂ ਵੇਲੇ ਅਰਦਾਸ ਵਿਚ ਚੇਤੇ ਕਰਦਾ ਹੈ, ਉਹ ਸਾਡਾ ਉਦਰੇਵਾਂ ਕਰ ਗਏ। ਗੁਰਦੁਆਰਿਆਂ ਤੋਂ ਵੀ ਪੰਥ ਵਿੱਛੜ ਗਿਆ। ਉਹਨਾਂ ਬਹੁਤ ਉਡੀਕਿਆ ਬਥੇਰਾ ਉਡੀਕਿਆ ਪਰ ਹੁਣ ਉਹਨਾਂ ਦਾ ਵੇਲਾ ਆ ਗਿਆ ਹੈ।


ਗੁਰਦੁਆਰਾ ਜਾਮਨ ਸਾਹਿਬ ਦੀ ਅੱਧੋਂ ਵੱਧ ਡਿੱਗ ਚੁੱਕੀ ਇਮਾਰਤ ਕੋਲੋਂ ਜਦ ਮੈਂ ਪਰਤ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਦੀਆਂ ਨਾਨਕਸ਼ਾਹੀ ਇੱਟਾਂ ਵਿਚੋਂ ਆਵਾਜ਼ ਆਈ,
“ਸਾਡੀ ਜਾਂਦੀ ਵਾਰ ਦੀ ਫਤਹਿ ਪੰਥ ਨਾਲ ਜਰੂਰ ਸਾਂਝੀ ਕਰੀਂ ਸਿੰਘਾਂ”
ਤੇ ਮੇਰੀ ਭੁੱਬ ਨਿਕਲ ਗਈ। ਮੈਨੂੰ ਨਹੀਂ ਪਤਾ ਕੀ ਕਰਨਾ ਹੈ ਤੇ ਕੀ ਨਹੀਂ, ਅਸੀਂ ਗੁਰਦੁਆਰਿਆਂ ਨੂੰ ਬਚਾਉਣਾ ਹੈ ਕਿ ਗੁਰਦੁਆਰਿਆਂ ਨੇ ਸਾਨੂੰ… ਮੈਨੂੰ ਬਸ ਇਹ ਪਤਾ ਹੈ ਕਿ ਜਿਵੇਂ ਕਿਸੇ ਉਮਰ ਦਰਾਜ਼ ਬਜ਼ੁਰਗ ਦਾ ਪਤਾ ਲੈਣ ਜਾਈਏ ਤਾਂ ਉਸ ਨੂੰ ਸਕੂਨ ਮਿਲਦਾ ਹੈ ਉਵੇਂ ਹੀ ਜੇ ਤੁਸੀਂ ਇਕ ਦੋ ਸਾਲਾਂ ਵਿਚ ਇਹਨਾਂ ਢਹਿ ਰਹੇ ਕਿੰਨੇ ਹੀ ਸਥਾਨਾ ਕੋਲ ਜਾਓਗੇ ਤਾਂ ਉਹਨਾਂ ਨੂੰ ਆਰਾਮ ਮਿਲੇਗਾ।


ਵਾਰਤਾ ਬਹੁਤ ਲੰਬੀ ਹੈ ਤੇ ਏਥੇ ਏਨਾ ਲਿਖਣ ਦੀ ਗੁੰਜਾਇਸ਼ ਨਹੀਂ, ਬਸ ਇਹੋ ਕਹਿਣਾ ਹੈ ਕਿ ਗੁਰਦੁਆਰੇ ਸਿਰਫ ਟੈਕਾਂ ਦੇ ਗੋਲਿਆਂ ਨਾਲ ਹੀ ਨਹੀਂ ਢਾਹੇ ਗਏ, ਕਈ ਪੰਥ ਦੀ ਬੇਰੁਖੀ ਦਾ ਸ਼ਿਕਾਰ ਵੀ ਹੋਏ ਹਨ।
ਸੋ ਜੇ ਮਿਲਣ ਨਹੀਂ ਜਾਣਾ ਤਾਂ ‘ਜਾਂਦੀ ਵਾਰ ਦੀ ਫਤਹਿ’ ਪ੍ਰਵਾਨ ਕਰਿਓ।
(ਰੱਬ ਲੰਮੀ ਉਮਰ ਕਰੇ ਰਾਣਾ ਸ਼ਾਹਬਾਜ਼ ਬਾਈ ( @khoj.punjab ) ਦੀ, ਜਿਸ ਦੇ ਉੱਦਮ ਨਾਲ ਦਰਸਨ ਦੀਦਾਰ ਕਰ ਸਕੇ ਤੇ ਜਿਸ ਨੇ ਕਿੰਨੀ ਵਾਰ ਨਾਲ ਹੰਝੂ ਕੇਰੇ)

-ਭਾਈ ਜਗਦੀਪ ਸਿੰਘ ਫਰੀਦਕੋਟ

Leave your comment
Comment
Name
Email