ਵਿਛੜੇ ਗੁਰਧਾਮਾਂ ਦੇ ਦਰਸ਼ਨ ਤਾਂ ਹੀ ਹੋਣਗੇ ਜੇ ਅਸਥਾਨ ਬੱਚੇ ਰਹਿਣਗੇ
ਵਿਛੜੇ ਗੁਰਧਾਮਾਂ ਦੀ ਅਰਦਾਸ ਇਸ ਉਮੀਦ ਨਾਲ ਰੋਜ਼ਾਨਾ ਕਰਦੇ ਹਾਂ ਕਿ ਇੱਕ ਦਿਨ ਪਿੱਛੇ ਛੁੱਟ ਗਏ ਅਸਥਾਨਾਂ ਦੇ ਦਰਸ਼ਨ ਦੀਦਾਰੇ ਹੋ ਜਾਣ। ਸਿਆਸੀ ਲਕੀਰਾਂ ਵਾਹੁਣ ਵਿੱਚ ਅਸਾਂ ਦਾ ਕੀ ਕਸੂਰ ? ਲਕੀਰ ਦੇ ਵੰਡੇ ਇੱਕ ਪੀੜ੍ਹੀ ਸਾਡੇ ਬਾਬਿਆਂ ਦੀ ਤਰਸਦੀਆਂ ਅੱਖਾਂ ਮੁੰਦ ਗਈਆਂ। ਦੂਜੀ ਪੀੜ੍ਹੀ ਤੋਂ ਤੀਜੀ ਪੀੜ੍ਹੀ ਦੇ ਅਸੀਂ ਗੁਰਧਾਮਾਂ ਦੇ ਦਰਸ਼ਨਾਂ ਲਈ ਇੱਕ ਮੋਹਰ ਦੇ ਮੋਹਤਾਜ ਬਣ ਬੈਠੇ ਹਾਂ।
ਵਿਛੜੇ ਗੁਰਧਾਮਾਂ ਦੇ ਦਰਸ਼ਨ ਤਾਂ ਹੀ ਹੋਣਗੇ ਜੇ ਅਸਥਾਨ ਬੱਚੇ ਰਹਿਣਗੇ। ਇਹਨਾਂ ਥਾਵਾਂ ‘ਤੇ ਹੁਣ ਗੁਰੂ ਗ੍ਰੰਥ ਸਾਹਬ ਦਾ ਪ੍ਰਕਾਸ਼ ਨਹੀਂ ਹੈ। ਝੂਲਦੇ ਨਿਸ਼ਾਨ ਨਹੀਂ ਹਨ। ਲੋਕਾਂ ਮਾਲ ਡੰਗਰ ਬੰਨ੍ਹੇ ਹਨ। ਉਜਾੜ ਹੋਏ ਅਸਥਾਨਾਂ ‘ਤੇ ਸਾਨੂੰ ਇੱਥੇ ਬੈਠੇ ਗੁਰੂਆਂ ਦੀ ਚਰਨ ਛੋਹ ਮਹਿਸੂਸ ਹੁੰਦੀ ਹੈ।
ਗੁਰਦੁਆਰਾ ਝਾੜੀ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨਾਲ ਸੰਬੰਧਤ ਹੈ ਜੋ ਲਹਿੰਦੇ ਪੰਜਾਬ ਦੇ ਜਿਲ੍ਹਾ ਕਸੂਰ ਵਿਚ ਪੈਂਦੇ ਪਿੰਡ ਤਰਗੇ ਤੋਂ ਪੱਛਮ ਦੇ ਪਾਸੇ ਪੌਣਾ ਕ ਮੀਲ ‘ਤੇ ਹੈ। ਕਸੂਰ ਸ਼ਹਿਰ ਤੋਂ ਉਤਰ ਵਾਲੇ ਵਾਲੇ ਪਾਸੇ ਇਸ ਅਸਥਾਨ ਦੀ ਦੂਰੀ ਲਗਭਗ ੧੦ ਕ ਕਿਲੋਮੀਟਰ ਹੈ।
ਗੁਰਦੁਆਰਾ ਸਾਹਿਬ ਦੇ ਚੜ੍ਹਦੇ ਵਾਲੇ ਪਾਸੇ ਇਕ- ਡੇਢ ਕਿਲੋਮੀਟਰ ‘ਤੇ ਚੜ੍ਹਦੇ ਪੰਜਾਬ ਨਾਲੋਂ ਵੰਡਦੀ ਕੰਡਿਆਲੀ ਤਾਰ ਲੱਗੀ ਹੋਈ ਹੈ। ਪੱਛਮ ਵਾਲੇ ਪਾਸੇ ਪ੍ਰਸਿਧ ਢਾਡੀ ਭਾਈ ਸੋਹਣ ਸਿੰਘ ਸੀਤਲ ਦਾ ਪਿੰਡ ਕਾਦੀਵਿੰਡ ਹੈ।
ਬਹੁਤਾ ਨਹੀਂ ਤਾਂ 10 ਹਜ਼ਾਰ ਦੀ ਬਜਰੀ ਰੋੜੀ ਦਾ ਘੋਲ ਪਾ ਨੀਹਾਂ ਹੀ ਪੱਕਿਆਂ ਕਰ ਦੇਵੋ। ਇਹਨਾਂ ਬਰਸਾਤਾਂ ਵਿੱਚ ਇਹ ਨਾ ਹੋਵੇ ਕਿ ਇਹ ਕਿਤੇ ਢਹਿ ਜਾਣ। ਅਸੀਂ ਉਡੀਕਦੇ ਹਾਂ ਇਹਨਾਂ ਅਸਥਾਨਾਂ ਦੇ ਦਰਸ਼ਨਾਂ ਨੂੰ ਅਤੇ ਗੁਰੂ ਦਾ ਪਿਆਰ ਆਪਣੇ ਸਿੱਖਾਂ ਨੂੰ ਉਡੀਕਦਾ ਹੈ।
ਨਨਕਾਣਾ ਸਾਹਬ ਪੰਜਾ ਸਾਹਬ ਅਤੇ ਹੋਰ ਸਥਾਨਾਂ ਵੱਲ ਸੰਗਤ ਦੀ ਪਹੁੰਚ ਕਰਕੇ ਧਿਆਨ ਤਾਂ ਹੈ ਪਰ ਪਿੰਡਾਂ ਵਿੱਚ ਇਹ ਗੁਰੂ ਘਰਾਂ ਵੱਲ ਵੀ ਸਾਡਾ ਖ਼ਿਆਲ ਵਧੇ ਅਤੇ ਹੰਭਲਾ ਵੱਜੇ।
ਭਰੇ ਮਨ ਨਾਲ ਤਰਕਾਲਾਂ ਵੇਲੇ ਲਿਖ ਰਿਹਾਂ ਹਾਂ। ਹੋਰ ਹੁਣ ਮੈਂ ਕੀ ਕਹਾਂ ?
~ ਹਰਪ੍ਰੀਤ ਸਿੰਘ ਕਾਹਲੋਂ
Leave your comment