ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਮੁਬਾਰਕਾਂ
ਭਗਤ ਆਖਦੇ ਹਨ ਕਿ ਮੈਨੂੰ ਕਿਸੇ ਕਿਸਮ ਦੇ ਜਾਤ-ਗੋਤ ਦੀ ਪਰਵਾਹ ਨਹੀਂ ਰਹੀ ਅਤੇ ਮੈਂ ਰਾਮ ਨਾਮ ਦਿਨ ਰਾਤ ਜਪ ਰਿਹਾ ਹਾਂ। ਭਗਤ ਰਵਿਦਾਸ ਆਪਣੇ ਆਪ ਅਤੇ ਪਰਮਾਤਮਾ ਵਿੱਚ ਦ੍ਰਿਸ਼ਟਾਂਤਾਂ ਰਾਹੀਂ ਸਥਾਪਿਤ ਸਮਾਜਿਕ ਦਰਜਾਬੰਦੀ ਤੋੜ ਕੇ ਅਜਿਹੀ ਹਾਈਰਾਰਕੀ (ਦਰਜਾਬੰਦੀ) ਸਥਾਪਿਤ ਕਰ ਰਹੇ ਜਾਪਦੇ ਹਨ ਜਿਸ ਵਿੱਚ ਉਹ ਖ਼ੁਦ ਨੂੰ ਸੇਵਕ ਅਤੇ ਪਰਮਾਤਮਾ ਨੂੰ ਮਾਲਕ ਬਣਾਉਂਦੇ ਹਨ। ਭਗਤ ਰਵਿਦਾਸ ਤਾਂ ਉਹ ਜਾਤ, ਪਾਤ ਅਤੇ ਜਨਮ ਨੂੰ ਹੀ ਮਾੜਾ ਆਖਦੇ ਹਨ ਜਿਸ ਨੇ ਰਾਜਾਰਾਮ ਦੀ ਸੇਵਾ ਨਹੀਂ ਕੀਤੀ: –
ਕਹਾ ਕਰਉ ਜਾਤੀ ਕਹ ਕਰਉ ਪਾਤੀ।।
ਰਾਮ ਕੋ ਨਾਮੁ ਜਪਉ ਦਿਨ ਰਾਤੀ।।
ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ।।
ਰਾਜਾਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ।।
ਹਰ ਭਗਤ ਦਾ ਪ੍ਰਵਚਨ ਆਪਣੀ ਜਾਤ, ਕੁਲ ਅਤੇ ਕਿੱਤੇ ਨਾਲ਼ ਜੁੜਿਆ ਜ਼ਰੂਰ ਹੈ ਪਰ ਉਹ ਇਹਨਾਂ ਨੂੰ ਤੋੜ ਕੇ ਪਾਰ ਦੀ ਗੱਲ ਕਰਦੇ ਹਨ, ਇਹਨਾਂ ਰਾਹੀਂ ਆਪਣੇ ਜਿਗਿਆਸੂਆਂ-ਸ਼ਰਧਾਲੂਆਂ ਨੂੰ ਉਪਦੇਸ਼ ਕਰਦੇ ਹਨ। ਸਥਾਨਕਤਾ, ਜਾਤ, ਕੁਲ ਆਦਿ ਦਾ ਆਪਣਾ ਪ੍ਰਭਾਵ ਹੁੰਦਾ ਹੈ ਅਤੇ ਇਸ ਰਾਹੀਂ ਸੰਬੋਧਿਤ ਹੋ ਕੇ ਅਤੇ ਨੇੜਤਾ ਜਤਾ ਕੇ ਭਗਤ ਮੁਕਤੀ ਦਾ ਮਾਰਗ ਦਿਖਾਉਂਦੇ ਹਨ। ਭਗਤ ਕਬੀਰ ਜੀ ਬ੍ਰਹਮ ਦਾ ਇੱਕ ਗੁਣ ‘ਅਕੁਲ’ ਬਿਆਨ ਕਰਦੇ ਹਨ ਜਿਸ ਦਾ ਅਰਥ ਹੈ ਕਿ ਬ੍ਰਹਮ ਕਿਸੇ ਵਿਸ਼ੇਸ਼ ਕੁਲ ਜਾਂ ਕਿਸੇ ਵੀ ਕੁਲ ਨਾਲ਼ ਸੰਬੰਧਤ ਨਹੀਂ ਹੈ ਅਤੇ ਉਹ ਜਾਤ, ਕੁਲ, ਮਾਇਆ ਤੋਂ ਰਹਿਤ ਨਿਰੰਜਨ ਪਰਮਾਤਮਾ ਹੈ। ਇਸ ਨਾਲ਼ ਬ੍ਰਹਮ ‘ਤੇ ਪੁਰੋਹਿਤ ਵਰਗ ਦੀ ਇਜਾਰੇਦਾਰੀ ਨੂੰ ਸੁਆਲ ਵੀ ਹੈ ਅਤੇ ਚੁਣੌਤੀ ਵੀ। ਉਹ ਪ੍ਰਭੂ ਹੀ ਸਭ ਥਾਂ ਪਸਰਿਆ ਹੋਇਆ ਹੈ ਅਤੇ ਭਗਤ ਪ੍ਰਭੂ ਦੇ ਅਕੁਲ ਹੋਣ ‘ਤੇ ਵਧੇਰੇ ਜ਼ੋਰ ਦਿੰਦੇ ਹਨ। ਇਸੇ ਤਰ੍ਹਾਂ ਅਗਲੇ ਸ਼ਬਦ ਵਿੱਚ ਭਗਤ ਕਬੀਰ ਜੀ ਆਖਦੇ ਹਨ ਕਿ ਹਰੀ ਦਾ ਸੇਵਕ/ਭਗਤ ਉਸ ਵਰਗਾ ਹੀ ਹੋਣਾ ਚਾਹੀਦਾ ਹੈ। ਪ੍ਰਭੂ ਦੇ ਕੁਲ ਰਹਿਤ ਹੋਣ ‘ਤੇ ਆਪਣੇ ਕੁਲ ਰਹਿਤ ਹੋਣ ਨੂੰ ਪ੍ਰਵਾਨ ਕਰ ਰਹੇ। ਇਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਪ੍ਰਭੂ ਨੂੰ ਅਕੁਲ ਦੱਸ ਰਹੇ ਹਨ ਅਤੇ ਲਿਖਦੇ ਹਨ ਕਿ ਉਸ ਨੂੰ ਸਿਮਰਨ ਵਾਲ਼ਾ ਵੀ ਉਸ ਵਰਗਾ ਅਕੁਲ ਬਣ ਜਾਂਦਾ ਹੈ। ਭਗਤ ਨਾਮਦੇਵ ਜੀ ਵੀ ਇਸੇ ਅਕੁਲ ਬ੍ਰਹਮ ਨੂੰ ਚਿਤਵਦੇ ਹਨ ਕਿ ਉਹ ਅਜਿਹਾ ਜਿਹਾ ਹੈ ਜਿਸਨੂੰ ਕਿਸੇ ਨੇ ਜਨਮ ਲੈਂਦੇ ਨਹੀਂ ਵੇਖਿਆ ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿਹੋ ਜਿਹਾ ਹੈ। ਭਗਤ ਜਾਤ ਵਿਵਸਥਾ ਨਾਲ਼ ਇਸ ਕਿਸਮ ਦਾ ਸੰਵਾਦ ਰਚਾ ਕੇ ਉਸ ਅਕੁਲ ਪ੍ਰਭੂ ਦਾ ਇਹ ਅਕੁਲ ਗੁਣ ਧਾਰਨ ਕਰ ਆਪਣੇ ਸ਼ਰਧਾਲੂਆਂ ਅਤੇ ਜਿਗਿਆਸੂਆਂ ਨੂੰ ਉਪਦੇਸ਼ ਦੇ ਰਹੇ ਹਨ: –
ਅਕੁਲ ਨਿਰੰਜਨ ਏਕੈ ਭਾਇ।।
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ।।
ਅਕੁਲ ਪੁਰਖ ਇਕੁ ਚਲਿਤੁ ਉਪਾਇਆ।।
….
ਅਮਰੁ ਹੋਇ ਸਦ ਆਕੁਲ ਰਹੈ।।
ਕਉਣ ਕਹੈ ਕਿਵਿ ਬੂਝੀਐ ਰਮਈਆ ਆਕੁਲੁ ਰੀ ਬਾਈ।।
ਭਗਤ ਆਪਣੀ ਜਾਤ ਦਾ ਹਵਾਲਾ ਇਸੇ ਮੰਤਵ ਲਈ ਕਰਦੇ ਜਾਪਦੇ ਹਨ ਕਿ ਭਗਤ ਲਈ ਇਹ ਜਾਤਾਂ ਬੇਮਾਅਨੇ ਹਨ ਅਤੇ ਇਸ ਜਾਤ ਵਿਧਾਨ ਦਾ ਭਗਤਾਂ ‘ਤੇ ਕੋਈ ਅਸਰ ਨਹੀਂ। ਉਹ ਆਪਣੇ ਉਪਾਸਕਾਂ ਅਤੇ ਜਿਗਿਆਸੂਆਂ ਨੂੰ ਇਹ ਜੁਗਤ ਸਮਝਾ ਰਹੇ ਜਾਪਦੇ ਹਨ ਜਿਸ ਰਾਹੀਂ ਉਹ ਹੀਣ ਭਾਵਨਾ ਵਿੱਚ ਫਸੇ ਦੂਜਿਆਂ ਨੂੰ ਭਗਤੀ ਨਾਲ਼ ਜੋੜਨਾ ਚਾਹੁੰਦੇ ਹਨ ਅਤੇ ਇਸ ਸ਼ਬਦ ਵਿੱਚ ਭਗਤ ਰਵਿਦਾਸ ਜੀ ਖ਼ੁਦ ਨੂੰ ਇਸੇ ਲਈ ਮੁਕਤ ਹੋਇਆ ਚਮਾਰ ਦੱਸਦੇ ਹਨ: –
ਕਹਿ ਰਵਿਦਾਸ ਖਲਾਸ ਚਮਾਰਾ ।।
ਜਦੋਂ ਮਨੁੱਖ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਜਾਤ ਨਾਲ ਆਪਣੇ-ਆਪ ਨੂੰ ਜੋੜ ਕੇ ਆਪਣੀ ਹੋਂਦ ਤਸੱਵਰ ਕਰਦਾ ਹੈ ਤਾਂ ਉਹ ਜਾਤ-ਪ੍ਰਣਾਲੀ ਨੂੰ ਹੋਰ ਪੱਕਿਆਂ ਕਰ ਰਿਹਾ ਹੁੰਦਾ ਹੈ ਬਜਾਇ ਇਸਨੂੰ ਖਾਰਿਜ ਕਰਨ ਦੇ। ਭਗਤ ਰਵਿਦਾਸ ਜੀ ਦਾ ਆਦਰਸ਼ ਰਾਜ ਅਤੇ ਸਮਾਜ ਬੇਗਮਪੁਰਾ ਹੈ ਜਿਸ ਵਿਚ ਕੋਈ ਦਰਜਾਬੰਦੀ ਨਹੀਂ!
ਡਾ. ਪਰਮਿੰਦਰ ਸਿੰਘ
Leave your comment