ਗੁਰਦੁਆਰਾ ਨਾਨਕਸਰ ਪਾਕਪਟਨ, ਸਾਹੀਵਾਲ(ਮਿੰਟਗੁਮਰੀ), ਲਹਿੰਦਾ ਪੰਜਾਬ Gurudwara Nanaksar Pakpattan, Sahiwal(Montgomery), Lehnda Punjab

ਗੁਰਦੁਆਰਾ ਨਾਨਕਸਰ ਪਾਕਪਟਨ, ਸਾਹੀਵਾਲ(ਮਿੰਟਗੁਮਰੀ), ਲਹਿੰਦਾ ਪੰਜਾਬ Gurudwara Nanaksar Pakpattan, Sahiwal(Montgomery), Lehnda Punjab

Average Reviews

Description

ਗੁਰੂ ਸਾਹਿਬ ਜਦੋਂ ੧੦ ਮਨੁੱਖਾ ਜਾਮਿਆਂ ਵਿੱਚ ਇਸ ਧਰਤੀ ਉੱਪਰ ਕਰੋੜਾਂ ਜੀਵਾਂ ਦੇ ਉਧਾਰ ਲਈ ਵਿਚਰੇ ਤਾਂ ਜਿੱਥੇ ਜਿੱਥੇ ਉਹਨਾਂ ਚਰਨ ਪਾਏ ਸਮਾਂ ਆਉਣ ਤੇ ਗੁਰਸਿਖਾਂ ਨੇ ਉਹਨਾਂ ਪਵਿੱਤਰ ਥਾਂਵਾਂ ਨੂੰ ਸੰਭਾਲ਼ ਕੇ ਗੁਰੂ ਘਰ ਅਤੇ ਧਰਮਸ਼ਾਲਾਵਾਂ ਬਣਾਈਆਂ।

ਸੰਤਾਲੀ ਦੀ ਵੰਡ ਪੰਜਾਬ ਲਈ ਖਾਸਕਰ ਸਿੱਖਾਂ ਲਈ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਸੀ ਜਿਸਨੇ ਸਿੱਖਾਂ ਨੂੰ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਹਰ ਪੱਖੋਂ ਹੌਲੇ ਕੀਤਾ। ਸਭ ਤੋਂ ਵੱਡਾ ਨੁਕਸਾਨ ਜਾਨੋਂ ਪਿਆਰੇ ਗੁਰੂ ਘਰਾਂ ਤੋਂ ਸਿੱਖਾਂ ਦਾ ਵਿਛੜਨਾ ਸੀ।

ਲਹਿੰਦੇ ਪੰਜਾਬ ਕਈ ਸਾਰੇ ਉਹ ਗੁਰ ਅਸਥਾਨ ਹਨ ਜਿੰਨਾਂ ਤੋਂ ਨਾ ਸਿਰਫ਼ ਸਿੱਖਾਂ ਨੂੰ ਵਿਛੋੜਿਆ ਹੀ ਨਹੀਂ ਗਿਆ ਸਗੋਂ ਉਹਨਾਂ ਦੀ ਦੁਨਿਆਵੀ ਤੌਰ ਤੇ ਹੋਂਦ ਨੂੰ ਹੀ ਖਤਮ ਕਰ ਦਿੱਤੀ ਗਈ। ਅਜਿਹਾ ਹੀ ਇਕ ਇਤਿਹਾਸਕ ਸਥਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਸਰ ਸਾਹਿਬ ਪਾਕਪਟਨ ਹੈ। ਗੁਰਦੁਆਰਾ ਟਿੱਬਾ ਨਾਨਕਸਰ ਲਹਿੰਦੇ ਵਾਲੇ ਪਾਸੇ ਇਸ ਅਸਥਾਨ ਤੋਂ ਲਗਭਗ ੭ ਕਿਲੋਮੀਟਰ ਦੂਰ ਹੈ।

ਇਕਬਾਲ ਕੇਸਰ ਦੁਆਰਾ ੨੦੦੦ ਈ. ਦੇ ਨਜਦੀਕ ਖਿਚੀ ਤਸਵੀਰ। ਸਰੋਵਰ ਦੀਆਂ ਪੌੜੀਆਂ ਦਿਖਾਈ ਦੇ ਰਹੀਆਂ

ਇਸ ਅਸਥਾਨ ਨੂੰ ਆਮ ਕਰਕੇ ‘ਸਮਾਧਾਂ’ ਕਿਹਾ ਜਾਂਦਾ ਸੀ। ਇਸ ਅਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਦੇ ਬਿਰਾਜਣ ਦਾ ਅਸਥਾਨ ਸੀ। ਜਿਸਦੀ ਸੇਵਾ ਸੰਭਾਲ਼ ਉਦਾਸੀ ਸਾਧੂਆਂ ਦੁਆਰਾ ਕੀਤੀ ਜਾਂਦੀ ਸੀ। ਇਸਦੇ ਦੁਆਲੇ ਅਣਗਿਣਤ ਸਮਾਧਾਂ ਹੋਣ ਕਾਰਨ ਇਸ ਅਸਥਾਨ ਦਾ ਨਾਮ ‘ਸਮਾਧਾਂ’ ਪ੍ਰਚਲਿਤ ਹੋ ਗਿਆ। ਇਸ ਗੱਲ ਦੀ ਗਵਾਹੀ ਲਹਿੰਦੇ ਪੰਜਾਬ ‘ਚ ਰਹਿ ਗਏ ਇਤਿਹਾਸਿਕ ਗੁਰੂ ਘਰਾਂ ਬਾਰੇ ਪ੍ਰਸਿੱਧ ਕਿਰਤ ‘ਪਾਕਿਸਤਾਨ ਵਿੱਚ ਸਿੱਖਾਂ ਦੇ ਪਵਿੱਤਰ ਇਤਿਹਾਸਿਕ ਸਥਾਨ’ ਦਾ ਕਰਤਾ ਇਕਬਾਲ ਕੇਸਰ ਵੀ ਭਰਦਾ ਹੈ।

ਵੀਹਵੀਂ ਸਦੀ ਦੇ ਤੀਜੇ ਦਹਾਕੇ ਛਪੀ ਕਿਤਾਬ ਗੁਰਧਾਮ ਦੀਦਾਰ ਦੇ ਕਰਤਾ ਅਨੁਸਾਰ ਇਹ ਡੇਰਾ ਦਸਮ ਪਾਤਸ਼ਾਹ ਜੀ ਦੇ ਸਿੱਖ ਭਾਈ ਜੇਠਾ ਜੀ ਦੁਆਰਾ ਕਾਇਮ ਕੀਤਾ ਗਿਆ ਸੀ। ਉਹਨਾਂ ਵੰਡ ਤੋਂ ਪਹਿਲਾ ਇੱਥੇ ਚੰਗੇ ਪੱਕੇ ਦੋ ਮੰਜਲੀ ਰਿਹਾਇਸ਼ੀ ਕਮਰਿਆਂ ਅਤੇ ਲੰਗਰ ਹਾਲ ਦਾ ਵੀ ਜ਼ਿਕਰ ਕੀਤਾ ਹੈ। ਉਸ ਵਕਤ ਮਹੰਤ ਗੁਲਾਬ ਦਾਸ ਇਸ ਅਸਥਾਨ ਦੀ ਸੇਵਾ ਸੰਭਾਲ਼ ਕਰ ਰਹੇ ਸਨ। ਇਸ ਅਸਥਾਨ ਦੇ ਨਾਮ ਹਜ਼ਾਰਾਂ ਘੁਮਾ ਜ਼ਮੀਨ ਵੀ ਲੱਗੀ ਹੋਈ ਸੀ। ਇਸ ਅਸਥਾਨ ਦੀ ਦੂਰੀ ਰੇਲਵੇ ਸਟੇਸ਼ਨ ਤੋਂ ਇਕ ਮੀਲ ਤੋਂ ਘੱਟ ਲਿਖੀ ਹੈ।

ਜਨਮ ਸਾਖੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਦੋ ਵਾਰ ਪਾਕਪਟਨ ਆਉਣ ਦਾ ਜ਼ਿਕਰ ਮਿਲਦਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਬਾਬਾ ਫ਼ਰੀਦ ਜੀ ਦੇ ਵੰਸ਼ਜ ਸ਼ੇਖ ਇਬ੍ਰਾਹਿਮ ਜੀ ਨਾਲ ਮੁਲਾਕਾਤ ਇੱਥੋਂ ਮਹਿਜ਼ ਛੇ ਕਿੱਲੋਮੀਟਰ ਦੂਰ ਗੁਰਦੁਆਰਾ ਟਿੱਬਾ ਨਾਨਕਸਰ ਵਿਖੇ ਹੋਈ ਸੀ। ਸਾਖੀਆਂ ਵਿੱਚ ਆਉੰਦਾ ਹੈ ਕਿ ਪਾਤਸ਼ਾਹ ਦੂਸਰੀ ਵਾਰ ਫੇਰ ਉਹਨਾਂ ਨੂੰ ਮਿਲਣ ਪਾਕਪਟਨ ਆਏ ਸਨ। ਹੋ ਸਕਦਾ ਹੈ ਕਿ ਗੁਰੂ ਸਾਹਿਬ ਟਿੱਬਾ ਨਾਨਕਸਰ ਹੋ ਕੇ ਇੱਥੇ ਆਣ ਬਿਰਾਜੇ ਹੋਣ।

ਗਿਆਨੀ ਗਿਆਨ ਸਿੰਘ ਆਪਣੀ ਕਿਤਾਬ ਗੁਰਧਾਮ ਸੰਗ੍ਰਹਿ ਵਿਚ ਪਾਕਪਟਨ ਵਿਚ ਗੁਰੂ ਨਾਨਕ ਸਾਹਿਬ ਦੇ ਇਸ ਅਸਥਾਨ ‘ਥੜ੍ਹਾ ਸਾਹਿਬ’ ਦਾ ਜਿਕਰ ਕਰਦੇ ਹੋਏ ਦਸਦੇ ਹਨ ਕਿ ਏਥੇ ਬਾਬਾ ਫਰੀਦ ਜੀ ਦੇ ਚੇਲੇ ਇਬਰਾਹਿਮ ਨੂੰ ਉਪਦੇਸ਼ ਦੇਕੇ ਮੜ੍ਹੀ ਮੰਨਣੋ ਹਟਾਇਆ ਸੀ ਅਤੇ ਇਸੇ ਜਗ੍ਹਾ ਆਸਾ ਦੀ ਵਾਰ ਦੀਆਂ ਨੌਂ ਪੌੜੀਆਂ ਓਸ ਪ੍ਰਥਾਇ ਉਚਾਰੀਆਂ ਸਨ।

ਇਕਬਾਲ ਕੇਸਰ ਅਨੁਸਾਰ ਇਸ ਅਸਥਾਨ ਤੇ ਹੁਣ ਗੁਰੂ ਸਾਹਿਬ ਦਾ ਯਾਦਗਾਰੀ ਅਸਥਾਨ ਅਤੇ ਸਮਾਧਾਂ ਅਲੋਪ ਹੋ ਚੁੱਕੀਆਂ ਹਨ । ਇਸ ਥਾਂ ਤੇ ਬਾਬਾ ਫ਼ਰੀਦ ਸ਼ੱਕਰ ਗੰਜ ਕਾਲਜ (ਮੌਜੂਦਾ ਸਮੇਂ ਸ਼ਾਇਦ ਸਰਕਾਰੀ ਫਰੀਦੀਆ ਪੋਸਟ ਗ੍ਰੈਜੂਏਟ ਕਾਲਜ) ਬਣ ਚੁੱਕਿਆ ਹੈ। ਉਹਨਾਂ ਮੁਤਾਬਕ ਮੌਜੂਦਾ ਇਮਾਰਤ ਤੋਂ ਪਹਿਲਾ ਕਾਲਜ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਸੀ ਪਰ ਬਾਅਦ ਵਿੱਚ ਉਸ ਇਮਾਰਤ ਨੂੰ ਢਾਹ ਕੇ ਮੌਜੂਦਾ ਨਵੀਂ ਇਮਾਰਤ ਉਸਾਰੀ ਗਈ ਹੈ। ਇਸ ਅਸਥਾਨ ਦੀ ਯਾਦ ਵਜੋਂ ਸਿਰਫ਼ ਇਕ ਸਰੋਵਰ ਹੀ ਬਾਕੀ ਹੈ।

‘ਗੁਰਦੁਆਰਾ ਪੀਡੀਆ’ ਨੂੰ ਇਸ ਅਸਥਾਨ ਦੀ ਸਹੀ ਸਥਿਤੀ ਨਹੀਂ ਮਿਲੀ। ਇਸ ਅਸਥਾਨ ਦੀ ਨਿਸ਼ਾਨਦੇਹੀ ਕਰਕੇ ਮੁੜ ਤੋਂ ਯਾਦਗਾਰ ਕਾਇਮ ਕਰਨ ਦੀ ਲੋੜ ਹੈ। ਜੋ ਵੀ ਸਿੱਖ ਬਾਬਾ ਫ਼ਰੀਦ ਸ਼ੰਕਰਗੰਜ ਜੀ ਦੀ ਦਰਗਾਹ ਤੇ ਪਾਕਪਟਨ ਜਾਵੇ। ਉਸਨੂੰ ਹਿੰਮਤ ਕਰਕੇ ਇਸ ਅਸਥਾਨ ਨੂੰ ਲੱਭਣ ਦਾ ਯਤਨ ਕਰਨਾ ਚਾਹੀਦਾ ਹੈ। ਹੇਠਾਂ ਦਿਤੀ ਗਈ ਲੋਕੇਸ਼ਨ ਗੁਰਦੁਆਰਾ ਸਾਹਿਬ ਦੀ ਨੇੜਲੇ ਸਥਿਤੀ ਹੈ। ਜਿਕਰਯੋਗ ਹੈ ਕਿ ਗੁਰਧਾਮ ਦੀਦਾਰ ਦੇ ਕਰਤਾ ਨੇ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਦੀ ਦੂਰੀ ਇਕ ਕਿਲੋਮੀਟਰ ਤੋਂ ਘੱਟ ਦੱਸੀ ਹੈ।