Gurudwara Jamni sahib, Bazidpur Ferozpur, ਗੁਰਦੁਆਰਾ ਜਾਮਨੀ ਸਾਹਿਬ ਬਜ਼ੀਦਪੁਰ,ਫਿਰੋਜਪੁਰ

Gurudwara Jamni sahib, Bazidpur Ferozpur, ਗੁਰਦੁਆਰਾ ਜਾਮਨੀ ਸਾਹਿਬ ਬਜ਼ੀਦਪੁਰ,ਫਿਰੋਜਪੁਰ

Average Reviews

Description

ਮੁਕਤਸਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਸਫ਼ਰ ਫ਼ਿਰੋਜ਼ਪੁਰ ਵੱਲ ਨੂੰ ਜਾਰੀ ਸੀ। ਨਿਰੰਜਨ ਸਿੰਘ ਸਾਥੀ ਅਨੁਸਾਰ ਗੁਰੂ ਜੀ ਜੰਡ ਸਾਹਿਬ (ਨੇੜੇ ਸਾਦਿਕ) ਤੋਂ ਚੱਲ ਕੇ ਬਾਉਲੀ ਸਾਹਿਬ ਮਹਿਮੂਆਣਾ ਵਿੱਚ ਦੀ ਹੁੰਦੇ ਹੋਏ ਵਜ਼ੀਦਪੁਰ (ਅਜੋਕਾ ਜਿਲ੍ਹਾ ਫਿਰੋਜਪੁਰ) ਪਹੁੰਚੇ। ਇਹ ਪਿੰਡ ਫ਼ਿਰੋਜ਼ਪੁਰ ਛਾਉਣੀ ਤੋਂ ਦੱਖਣ-ਪੂਰਬ ਦੇ ਪਾਸੇ ਤਲਵੰਡੀ ਭਾਈ-ਮੋਗਾ-ਲੁਧਿਆਣਾ ਰੋਡ ‘ਤੇ 6-7 ਕਿਲੋਮੀਟਰ ਦੇ ਫਾਸਲੇ ‘ਤੇ ਹੈ। ਤਲਵੰਡੀ ਭਾਈ (ਬਠਿੰਡਾ-ਅੰਮ੍ਰਿਤਸਰ ਹਾਈਵੇਅ) ਤੋਂ ਇਸ ਅਸਥਾਨ ਦੀ ਦੂਰੀ 27 ਕਿਲੋਮੀਟਰ ਹੈ।

ਗੁਰਦੁਆਰਾ ਸਾਹਿਬ ਦੀ ਉਸਾਰੀ ਸਮੇਂ ਦੀ ਪੁਰਾਤਨ ਤਸਵੀਰ

ਇਕ ਸੂਚਨਾ ਅਨੁਸਾਰ ਵਜ਼ੀਦਪੁਰ ਦੇ ਸਿੱਖਾਂ ਨੇ ਮੁਕਤਸਰ ਦੇ ਯੁੱਧ ਵਿੱਚ ਤਕੜਾ ਹਿੱਸਾ ਪਾਇਆ ਸੀ। ਉਨ੍ਹਾਂ ਸਿੰਘਾਂ ਦੀ ਕੁਰਬਾਨੀ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਉਨ੍ਹਾਂ ਦੇ ਪਿੰਡ ਗਏ ਅਤੇ ਉਥੋਂ ਦੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਇਹ ਗੱਲ ਸਹੀ ਜਾਪਦੀ ਹੈ ਕਿਉਂਕਿ ਮੁਕਤਸਰ ਤੋਂ ਤਲਵੰਡੀ ਸਾਬੋ ਦੇ ਮੁੱਖ ਰਸਤੇ ਤੋਂ ਉਲਟ, ਜਲਾਲਾਬਾਦ-ਜੰਡ ਸਾਹਿਬ ਰਾਹੀਂ 70-80 ਕਿਲੋਮੀਟਰ ਇਕ ਪਾਸੇ ਨੂੰ ਜਾਣ ਦਾ ਗੁਰੂ ਦਸਮੇਸ਼ ਜੀ ਦਾ ਕੋਈ ਖ਼ਾਸ ਮਨੋਰਥ ਹੀ ਹੋ ਸਕਦਾ ਹੈ ਅਤੇ ਮੁਕਤਸਰ ਦੀ ਜੰਗ ਤੋਂ ਇਕਦਮ ਬਾਅਦ ਇਸ ਪਿੰਡ ਵਿੱਚ ਜਾਣ ਦਾ ਉਪਰੋਕਤ ਕਾਰਨ ਬਿਲਕੁਲ ਠੀਕ ਜਾਪਦਾ ਹੈ ਪਰ ਅੱਜ ਤੱਕ ਵਜ਼ੀਦਪੁਰ ਦੇ ਕਿਸੇ ਸ਼ਹੀਦ ਜਾਂ ਯੋਧੇ ਦਾ ਨਾਂ ਸਾਹਮਣੇ ਨਹੀਂ ਆਇਆ। ਵਜ਼ੀਦਪੁਰ ਵਿੱਚ ਜਦੋਂ ਗੁਰੂ ਦਸਮੇਸ਼ ਜੀ ਨੇ ਗੁਰਦੁਆਰਾ ਜ਼ਾਮਨੀ ਸਰ ਵਾਲੇ ਅਸਥਾਨ ‘ਤੇ ਡੇਰਾ ਕੀਤਾ ਉਹਨਾਂ ਇਕ ਤਿੱਤਰ ਨੂੰ ਰਿਣ-ਮੁਕਤ ਕੀਤਾ ਸੀ। ਤਿੱਤਰ ਨੇ , ਜੋ ਪਿਛਲੇ ਜਨਮ ਵਿੱਚ ਜੱਟ ਸੀ , ਗੁਰੂ ਨੂੰ ਜ਼ਾਮਨ ਰੱਖ ਕੇ ਵੀ ਬਾਣੀਏ ਦਾ ਕਰਜ਼ਾ ਨਾ ਮੋੜਿਆ। ਉਹ ਬਾਣੀਆ ਹੁਣ ਬਾਜ਼ ਦੇ ਰੂਪ ਵਿੱਚ ਗੁਰੂ ਜੀ ਕੋਲ ਹਾਜ਼ਰ ਸੀ। ਜ਼ਾਮਨੀ ਪੂਰੀ ਕਰਨ ਲਈ ਗੁਰੂਜੀ ਨੇ ਤਿੱਤਰ , ਬਾਜ਼ ਦੇ ਹਵਾਲੇ ਕਰ ਦਿੱਤਾ, ਜੋ ਉਸ ਨੂੰ ਚੁੰਝਾਂ ਮਾਰ-ਮਾਰ ਕੇ ਖਾ ਗਿਆ।
ਭਾਈ ਸੰਤੋਖ ਸਿੰਘ ਦੇ ਹਵਾਲੇ ਨਾਲ ਇਸ ਅਸਥਾਨ ਦੀ ਸਾਖੀ ਇਸ ਪ੍ਰਕਾਰ ਹੈ
ਇਮ ਬਤਰਾਵਤ ਤਿਸ ਥਲ ਖਰੇ।
ਤੀਤਰ ਇਕ ਅਵਾਜ ਤਬਿ ਕਰੇ ॥੩੬ ॥

( ਗੁਰ ਪ੍ਰਤਾਪ ਸੂਰਜ , ਕ੍ਰਿਤ ਭਾਈ ਸੰਤੋਖ ਸਿੰਘ ਪੰ. ੬੦੫੨ )
ਗੁਰੂ ਜੀ ਨੇ ਆਪਣਾ ਬਾਜ ਤਿੱਤਰ ਪਿੱਛੇ ਛੱਡਿਆ। ਬਾਜ ਅੱਜ ਆਪਣੀ ਤੇਜੀ ਤੇ ਸ਼ਿਕਾਰ ਕਰਨ ਦੀ ਉੱਚੀ ਸਮਰੱਥਾ ਨਾ ਦਿਖਲਾ ਸਕਿਆ
ਛੋਡਯੋ ਤਿਸ ਕੇ ਬਾਜ ਪਿਛਾਰੋ।
ਕਰੀ ਨ ਝਪਟੁ ਨ ਤਿਸ ਕੋ ਮਾਰੇਂ ।
(ਉਹੀ)
ਗੁਰੂ ਜੀ ਨੇ ਤਿੱਤਰ ਪਿੱਛੇ ਕੁੱਤੇ ਲਗਾ ਦਿੱਤੇ। ਪਾਤਸ਼ਾਹ ਜੀ ਖੁਦ ਵੀ ਸਿੰਘਾਂ ਸਹਿਤ ਚੱਲ ਪਏ। ਸਭ ਦੇ ਦੇਖਦਿਆਂ ਤਿੱਤਰ ਬਜ਼ੀਦਪੁਰ ਦੇ ਬਾਹਰਵਾਰ ਇਕ ਦਰਖਤ ਉੱਪਰ ਜਾ ਕੇ ਬੈਠ ਗਿਆ। ਚੋਜੀ ਪ੍ਰੀਤਮ ਨੇ ਇਥੇ ਪਹੁੰਚ ਕੇ ਤਿੱਤਰ ਕਾਬੂ ਕਰ ਲਿਆ। ਉਸ ਦੇ ਖੰਭ ਖੋਹ ਸੁੱਟੇ । ਫਿਰ ਉਸ ਨੂੰ ਆਪਣੇ ਬਾਜ ਤੋਂ ਨੁਚਵਾਇਆ। ਸਭ ਦੇਖ ਰਹੇ ਸਨ ਕਿ ਇਸ ਦੌਰਾਨ ਆਪ ਜੀ ਦਾ ਸਾਰਾ ਧਿਆਨ ਬਾਜ਼ ਅਤੇ ਤਿੱਤਰ ਵੱਲ ਹੀ ਕੇਂਦ੍ਰਿਤ ਰਿਹਾ। ਕੁਝ ਇਕ ਮਨਾਂ ਵਿਚ ਸ਼ੰਕਾ ਵੀ ਉਤਪੰਨ ਹੋ ਚੁੱਕੀ ਸੀ।
ਪੁਨ ਕਹਿ ਕਰਿ ਕੂਕਰ ਛੁਟਵਾਏ।
ਪਿਖਿ ਤੀਤ ਕੋ ਪੀਛੇ ਥਾਏ॥੩੮॥
ਝਾਰਨ ਬਿਖੈ ਜਾਇ ਕਰਿ ਬਰਯੋ।
ਬਹੁਰ ਨਿਕਾਰਯੋ ਉਡਿਬੋ ਕਰਯੋ।
ਪੀਛੇ ਕੇਤਿਕ ਸਿੰਘਨ ਸਾਥ।
ਚਲੇ ਜਾਹਿਂ ਤੂਰਨ ਜਗਨਾਥ ॥੩੯ ॥..
ਪਕਰਯੋ ਜਾਇ ਜਤਨ ਬਹੁ ਕਰਿ ਕੈ
ਕਹਿ ਕਰਿ ਪਰ ਉਖਰਾਇ ਸੁਧਰਿ ਕੈ।
ਪੁਨ ਛੁਰਵਾਯਹੁ ਤੀਤਰ ਆਗਾ।
ਬਾਜ ਜਿਯਤ ਕੋ ਭੱਖਨਿ ਲਾਗਾ ॥੪੨ ॥
ਤੋਰਿ ਤੋਰਿ ਆਮਿਖ ਤਿਸ ਕੇਰਾ।
ਖਾਇ ਜਾਤਿ ਦੇ ਕਸ਼ਟ ਬਡੇਰਾ।
ਆਪਨਿ ਹਜ਼ੂਰ ਖਲਾਵਹਿ ਖਰੇ।
ਪਲ ਬੋਟੀ ਕਾਟਤਿ ਭੁਖਿ ਕਰੇ ॥੪੩ ॥

( ਉਹੀ , ਪੰਨੇ ੬੦੫੨-੫੩ )
ਭਾਈ ਦਾਨ ਸਿੰਘ ਨੇ ਸ਼ੰਕਾ ਜਾਹਰ ਕੀਤਾ ਕਿ ਪਾਤਸ਼ਾਹ ਜੀ ! ਇਸ ਤਿੱਤਰ ਦੇ ਇੰਨੇ ਹੀ ਪਿੱਛੇ ਖਾਸ ਨੂੰ ਪਏ ਹੋ?
ਦਾਨ ਸਿੰਘ ਬੋਲਯੋ ਪਿਖਿ ਠਾਢੇ।
ਆਪ ਪ੍ਰਭੂ ਤੁਮ ਹੋ ਥੜ ਡਾਢੇ।
ਕੋਇ ਨ ਕੁਛ ਕਹਿ ਸਾਕਹਿ ਕੈਸੇ ।
ਆਬਿ ਡਾਢੀ ਕ੍ਰਿਤ ਕੀਨਸਿ ਜੈਸੇ॥੪੪॥
ਇਤਨੀ ਕੀਨਿ ਦੌਰਿ ਇਸ ਬੇਰਾ।
ਕਹਾਂ ਸ਼ੇਰ ਕੋ ਹਰਿ ਅਖੇਰਾ।
ਇਕ ਤੀਤਰ ਕੇ ਧਾਇ ਪਿਛਾਰੋ।
ਦਿਏ ਹੁਸਾਇ ਤੁਰੰਗਮ ਸਾਰੇ॥੪੫॥
ਜੇ ਸ਼ਿਕਾਰ ਕੀ ਚਾਹ ਕਰੰਤੇ।
ਤੀਤਰ ਸਹੇ ਅਨੇਕ ਹਨੰਤੇ।

( ਉਹੀ , ਪੰਨਾ ੬੦੫੩ )
ਇਸ ਪਰ ਸਤਿਗੁਰੂ ਜੀ ਨੇ ਦੱਸਿਆ ਕਿ ਕਿਵੇਂ ਇਹ ਤਿੱਤਰ ਪਿਛਲੀ ਜੂਨ ਵਿਚ ਜੱਟ ਸੀ ਅਤੇ ਬਾਜ ਬਾਣੀਆ ਸੀ। ਜੱਟ ਕਰਜ਼ ਮੰਗਦਾ ਸੀ ਤੇ ਬਾਣੀਆ ਡਰਦਾ ਮਾਰਾ ਦਿੰਦਾ ਨਹੀਂ ਸੀ ਕਿ ਇਸਨੇ ਮੋੜਨਾ ਨਹੀਂ ਹੈ। ਜੱਟ ਨੇ ਆਪਣਾ ਕਾਰ – ਵਿਹਾਰ ਚਲਾਉਣ ਖਾਤਰ ਸਾਨੂੰ ਜਾਮਨ ਬਣਾਇਆ ਤੇ ਪੈਸੇ ਉਧਾਰ ਲੈ ਲਏ। ਐਪਰ ਬਾਣੀਏ ਦੇ ਉਧਾਰ ਦੇ ਪੈਸੇ ਜੱਟ ਨੇ ਨਾ ਚੁਕਾਏ । ਹੇ ਭਾਈ ! ਲੇਖਾ ਤਾਂ ਦੇਣਾ ਹੀ ਪੈਂਦਾ ਹੈ । ਸੋ ਹੁਣ ਬਾਜ ਰੂਪ ਵਿਚ ਤਿੱਤਰ ਬਣੇ ਜੱਟ ਕੋਲੋਂ ਇਹ ਲੇਖਾ ਅਕਾਲ ਪੁਰਖ ਦੇ ਹੁਕਮ ਅੰਦਰ ਬਰਾਬਰ ਕੀਤਾ ਜਾ ਰਿਹਾ ਹੈ । ਤਿੱਤਰ ਕਰਜ਼ੇ ਤੋਂ ਮੁਕਤ ਹੋਇਆ ਹੈ :
ਸ਼੍ਰੀ ਮੁਖ ਤੇ ਕਹਿ ਤਿਹ ਸਮਝਾਯੋ।
‘ ਦਾਨ ਸਿੰਘ ! ਸੁਨੀਅਹਿ ਜਿਮ ਘਾਯੋ॥੪੬॥
ਨਹੀਂ ਚਾਹੁ ਕਛੁ ਕਰਨਿ ਸ਼ਿਕਾਰਾ।
ਇਸ ਲਗਿ ਕਾਰਜ ਹੂਤੋਂ ਹਮਾਰਾ ।……
ਸ੍ਰੀ ਮੁਖ ਕਹਯੋ ‘ ਸੁਨਹੂ ਇਸ ਕਾਜ।
ਭੀਤਰ ਜਾਟ ਬਾਣੀਆ ਬਾਜ ॥੪੯ ॥
ਪੂਰਬ ਜਨਮ ਹੁ ਤੇ ਨਰ ਏਹੀ।
ਜਾਟ ਕਰਜ਼ ਲੇ ਬਨੀਏ ਤੇ ਹੀ।
ਸੁਨਿ ਥਨੀਆ ਕਹਿ ਧਰਮ ਰਖੀਜੈ।
ਗੁਰ ਕੋ ਹੀ ਜਾਮਨ ਕਰ ਦੀਜੈ।
ਹਮਨੇ ਅਪਨਿ ਜਾਮਨੀ ਲਾਹੀ।
ਜਿਯਤਿ ਦਿਯੋ ਗਹਿ ਵਢਿ ਵਢਿ ਖਾਹੀ।
( ਉਹੀ )
ਭਾਈ ਦਾਨ ਸਿੰਘ ਦੀ ਸ਼ੰਕਾ ਨਵਿਰਤ ਹੋਈ
ਗੁਰੂ ਪਾਤਸ਼ਾਹ ਦੀ ਇਨਸਾਫ ਪਸੰਦੀ ਤੋਂ ਭਾਈ ਦਾਨ ਸਿੰਘ ਅਤੇ ਹਾਜ਼ਰ ਸਿੱਖ ਸੰਗਤ ਵਾਰਨੇ ਬਲਿਹਾਰਨੇ ਜਾ ਰਹੀ ਸੀ। ਭਾਈ ਦਾਨ ਸਿੰਘ ਜੀ ਗੁਰੂ – ਚਰਨਾਂ ‘ ਚ ਡਿੱਗਾ। ਨਾਮ – ਦਾਨ ਦੀ ਯਾਚਨਾ ਕੀਤੀ। ਸੋ ਇਹ ਅਮੋਲਕ ਦਾਤ ਪਾ ਕਰ ਕੇ ਨਿਹਾਲ – ਨਿਹਾਲ ਹੋਇਆ
ਸੁਨਿ ਕਰਿ ਦਾਨ ਸਿੰਘ ਕਰ ਜੋੜੇ।
ਪਰਯੋ ਚਰਨ ਪਰ ਪ੍ਰਭੂ ਨਿਹੋਰੇ॥੫੪॥
ਸਨਮੁਖ ਬੋਲਯੋ : ‘ ਹੇ ਗੁਰ ਭੂਲਾ,
ਬਖਸ਼ੋ ਮੋਹਿ ਦਾਸ ਅਨੁਕੂਲਾ।
ਦਾਨ ਸਿੰਘ ਪੁਨ ਮਸਤਕ ਟੋਕਾ।
ਤੁਮਰੀ ਖੁਸ਼ੀ ਚਹੈਂ ਇਹ ਏਕਾ।
( ਉਹੀ )

‘ ਸੂਰਜ ਪ੍ਰਕਾਸ਼ ‘ ਦੇ ਸੰਪਾਦਕ ਭਾਈ ਵੀਰ ਸਿੰਘ ਇਸ ਪ੍ਰਸੰਗ ਦੇ ਹੇਠਾਂ ਇਕ ਫੁੱਟ-ਨੋਟ ਵਿੱਚ ਲਿਖਦੇ ਹਨ, ‘ ਇਸ ਸਾਖੀ ਦਾ ਵੇਰਵਾ ਅਸਲ ਵਾਕਿਆ ਤੋਂ ਕੁਛ ਵਿਲੱਖਣ ਹੋਵੇ ਯਾ ਠੀਕ ਇਸੇ ਤਰ੍ਹਾਂ ਹੋਵੇ, ਪਰ ਭਾਵ ਇਸ ਦਾ ਇਹ ਹੈ ਕਿ ਸਿੱਖ ਕਦੇ ਕੌਲ ਕਰਕੇ ਫੇਰ ਨਾ ਮੁੱਕਰੇ। ਦੂਸਰੇ ਦੇ ਭਰੋਸਾ ਕਰ ਲੈਣ ਨੂੰ ਛਲ ਨਾਲ ਨਾ ਗੁਵਾਵੇ। ’ ਗਿ : ਗਿਆਨ ਸਿੰਘ ਨੇ ਵੀ ‘ ਤਵਾਰੀਖ ਗੁਰੂ ਖਾਲਸਾ ‘ ਵਿੱਚ ਇਸੇ ਤਰ੍ਹਾਂ ਦਾ ਫੁੱਟ – ਨੋਟ ਦਿੱਤਾ ਹੈ, ‘ ਏਸ ਸਾਖੀ ਤੋਂ ਸਿੱਖਾਂ ਲਈ ਪੱਕਾ ਹੁਕਮ ਗੁਰੂ ਕਾ ਹੈ ਕਿ ਜਿਸ ਤੋਂ ਕਰਜ਼ਾ ਲੈਣਾ, ਉਸ ਨੂੰ ਜ਼ਰੂਰ ਮੋੜ ਦੇਣਾ, ਨਾ ਦੇਵਣ ਵਾਲੇ ਦਾ ਏਸ ਤਿੱਤਰ ਵਰਗਾ ਹਾਲ ਹੋਊ’।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਪੁਸਤਕ ‘ ਗੁਰੂ ਗੋਬਿੰਦ ਸਿੰਘ’ (ਯਾਤਰਾ ਅਸਥਾਨ, ਪ੍ਰੰਪਰਾਵਾਂ ਅਤੇ ਯਾਦ ਚਿੰਨ੍ਹ) ਵਿਚ ਵੀ ਇਹ ਗਲ ਦਾ ਜਿਕਰ ਮਿਲਦਾ ਹੈ ਕਿ ਖਿਦਰਾਣੇ ਦੀ ਜੰਗ ਵਿਚ ਬਜੀਦਪੁਰ ਪਿੰਡ ਦੇ ਕਾਫੀ ਸਿੰਘ ਲੜ੍ਹੇ ਸਨ। ਗੁਰੂ ਗੋਬਿੰਦ ਸਿੰਘ ਬਰਾੜਾਂ ਦੀ ਫ਼ੌਜ ਸਮੇਤ ਵਜੀਦਪੁਰ ਵਿੱਚ ਇਕ ਰਾਤ ਅਤੇ ਇਕ ਦਿਨ ਰਹੇ। ਦੀਵਾਨ ਸਜਾ ਕੇ ਸਿੱਖਾਂ ਨੂੰ ਸਿੱਖੀ ਸਿਦਕ ਅਤੇ ਗ਼ੈਰਤ ਵਾਲਾ ਜੀਵਨ ਜਿਊਣ ਦਾ ਉਪਦੇਸ਼ ਦਿੱਤਾ। ਕਈ ਸਿੱਖ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਗਿ : ਗਿਆਨ ਸਿੰਘ ਲਿਖਦੇ ਹਨ ਕਿ ‘ਗੁਰੂ ਕੇ ਘੋੜੇ ਦੀ ਅਗਾੜੀ ਪਿਛਾੜੀ ਤਿੰਨ ਕਿੱਲੇ ਜੰਡ ਦੇ ਗੱਡੇ ਸੀ ਜੋ ਹਰੇ ਹੋ ਕੇ ਹੁਣ ਵੱਡੇ – ਵੱਡੇ ਜੰਡ ਬ੍ਰਿਛ ਬਣੇ ਹੋਏ ਹਨ। ਪਰ ਇਸ ਸਮੇਂ ਗੁਰਦੁਆਰਾ ਸਾਹਿਬ ਵਿੱਚ ਜੰਡ ਦਾ ਕੇਵਲ ਇਕ ਹੀ ਰੁੱਖ ਮੌਜੂਦ ਹੈ। ਇਸ ਤੋਂ ਇਲਾਵਾ ਇਕ ਵਣ ਦਾ ਪੁਰਾਤਨ ਰੁਖ ਵੀ ਹੈ।

ਇਤਿਹਾਸਕ ਜੰਡ ਦਾ ਰੁੱਖ

‘ਮਹਾਨ ਕੋਸ਼` ਅਨੁਸਾਰ ਵਜ਼ੀਦਪੁਰ ਵਿੱਚ ਸਭ ਤੋਂ ਪਹਿਲਾਂ ਗੁਰੂ ਅਸਥਾਨ ਦੀ ਨਿਸ਼ਾਨਦੇਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹੋਈ। ਮਹਾਰਾਜਾ ਰਣਜੀਤ ਸਿੰਘ ਨੇ 1807 ਈ : ਵਿੱਚ ਕਸੂਰ ਨੂੰ ਜਿਤਣ ਤੋਂ ਬਾਅਦ ਬਜੀਦਪੁਰ ਦੇ ਇਸ ਇਲਾਕੇ ਨੂੰ ਸਿੱਖ – ਰਾਜ ਵਿੱਚ ਸ਼ਾਮਿਲ ਕਰ ਲਿਆ।
ਮਹਾਰਾਜੇ ਦੇ ਇਕ ਅਹਿਲਕਾਰ ਸ : ਬਿਸ਼ਨ ਸਿੰਘ ਆਹਲੂਵਾਲੀਆ ਨੇ ਇੱਥੇ ਛੋਟਾ ਜਿਹਾ ਮੰਜੀ ਸਾਹਿਬ ਬਣਵਾਇਆ। ਰਾਜਾ ਪਹਾੜਾ ਸਿੰਘ ਫਰੀਦਕੋਟ ਨੇ 51 ਰੁਪਏ ਸਾਲਾਨਾ, ਰਸਦ ਲਈ ਮੁਕੱਰਰ ਕੀਤੇ। ਫੇਰ ਰਿਆਸਤ ਫਰੀਦਕੋਟ ਦੀਆਂ ਰਾਣੀਆਂ ਨੇ ਸਮੇਂ – ਸਮੇਂ ਗੁਰੂ – ਅਸਥਾਨ ਦੀ ਉਸਾਰੀ ਵਿੱਚ ਹਿੱਸਾ ਪਾਇਆ। ਫਰੀਦਕੋਟ ਦੀ ਰਾਣੀ ਮਾਤਾ ਨਰਿੰਦਰ ਕੌਰ ਨੇ ਸੰਮਤ 1979-80 ( 1922-23 ਈ 🙂 ਵਿੱਚ ਤੇਰਾਂ ਹਜ਼ਾਰ ਰੁਪਏ ਖ਼ਰਚ ਕੇ ਸੁੰਦਰ ਗੁਰਦੁਆਰਾ ਬਣਵਾ ਦਿੱਤਾ।

ਸਰੋਵਰ ਕੰਢੇ ਲਗੀ ਇਤਿਹਾਸਕ ਸਿਲ

ਰਾਜਾ ਹਰਿੰਦਰ ਸਿੰਘ ਬਰਾੜ ਦੀ ਮਾਤਾ ਮਹਿੰਦਰ ਕੌਰ ਨੇ ਇੱਥੇ 1928 ਈ : ਵਿੱਚ ਇਕ ਰਮਣੀਕ ਸਰੋਵਰ ਦੀ ਸੇਵਾ ਕਰਵਾਈ। ਜਿਸਦੀ ਗਵਾਹੀ ਭਰਦੀ ਇਕ ਪੱਥਰ ਦੀ ਸਿਲ ਅਜ ਵੀ ਸਰੋਵਰ ਕੰਢੇ ਲੱਗੀ ਹੋਈ ਹੈ। ਦਿਨੋਂ-ਦਿਨ ਇਹ ਅਸਥਾਨ ਸਾਰੇ ਮਾਲਵੇ ਵਿੱਚ ਪ੍ਰਸਿੱਧ ਹੋ ਗਿਆ ।
ਸਮਾਂ ਪਾ ਕੇ ਗੁਰਦੁਆਰਾ ਜ਼ਾਮਨੀਸਰ ਵਜ਼ੀਦਪੁਰ ( ਜਿਸ ਨੂੰ ਗੁਰੂਸਰ ਅਤੇ ਤਿੱਤਰਸਰ ਵੀ ਕਹਿੰਦੇ ਹਨ) ਦੀ ਇਮਾਰਤ ਪੁਰਾਣੀ ਹੋ ਗਈ। ਕੁਝ ਦਹਾਕੇ ਪਹਿਲਾਂ ਜ਼ਾਮਨੀਸਰ ਦੀ ਨਵੀਂ ਇਮਾਰਤ ਦੀ ਕਾਰ – ਸੇਵਾ ਬਾਬਾ ਚਰਨ ਸਿੰਘ ਜੀ ਕਾਰ – ਸੇਵਾ ਵਾਲਿਆਂ ਨੇ ਸ਼ੁਰੂ ਕੀਤੀ। ਖਾੜਕੂ ਲਹਿਰ ਸਮੇਂ ਬਾਬਾ ਚਰਨ ਸਿੰਘ ਪੁਲਿਸ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋ ਗਏ ਤਾਂ ਕੁਝ ਸਮਾਂ ਸੰਤ ਗੁਰਨਾਮ ਸਿੰਘ ਨੇ ਸੇਵਾ ਕਰਵਾਈ। ਉਨ੍ਹਾਂ ਪਿੱਛੋਂ ਕਾਰ – ਸੇਵਾ ਦਾ ਕਾਰਜ ਬਾਬਾ ਜਗਤਾਰ ਸਿੰਘ ਜੀ ਤਰਨ – ਤਾਰਨ ਵਾਲਿਆਂ ਨੇ ਸੰਭਾਲਿਆ। ਦਸੰਬਰ 1998 ਵਿੱਚ ਗੁਰਦੁਆਰਾ ਜ਼ਾਮਨੀਸਰ ਦਾ ਉੱਚੇ ਗੁੰਬਦਾਂ ਵਾਲਾ ਨਵਾਂ ਭਵਨ ਸੰਪੂਰਨ ਹੋਇਆ। ਅਗਸਤ , 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਕਰੀਬਨ ਇਕ ਕਰੋੜ ਦੀ ਲਾਗਤ ਨਾਲ ਬਣੇ ਨਵੇਂ ਲੰਗਰ ਹਾਲ ਦਾ ਉਦਘਾਟਨ ਕੀਤਾ। ਗੁਰੂ ਕੀ ਮਾਸਕ ਗੋਲਕ ਦਾ ਲੇਖਾ ਲੱਖਾਂ ਵਿੱਚ ਹੈ। ਮੁਕਸਰ ਦੇ ਐਨ ਉੱਤਰ ਵਿਚ ਵਜੀਦਪੁਰ (ਫਿਰੋਜ਼ਪੁਰ) ਗੁਰੂ ਗੋਬਿੰਦ ਸਿੰਘ ਜੀ ਦੇ ਸਫ਼ਰ ਦੀ ਆਖਰੀ ਹੱਦ ਸੀ। ਇੱਥੋਂ ਉਹ ਇਕ ਵਾਰ ਫਿਰ ਮੁਕਤਸਰ ਵੱਲ ਨੂੰ ਮੁੜ ਪਏ।

ਗੁਰਦੁਆਰਾ ਸਾਹਿਬ ਦੇ ਸਮੁਚੇ ਗਲਿਆਰੇ ‘ਤੇ ਪੰਛੀ ਝਾਤ

ਗੁਰਦੁਆਰਾ ਜ਼ਾਮਨੀਸਰ, ਵਜ਼ੀਦਪੁਰ ਵਿੱਚ ਹਰ ਸਾਲ ਬਸੰਤ ਪੰਚਮੀ ਦਾ ਪੁਰਬ ਬੜੀ ਧੂਮ – ਧਾਮ ਨਾਲ ਮਨਾਇਆ ਜਾਂਦਾ ਹੈ। ਹਰ ਮਹੀਨੇ ਮੱਸਿਆ ਵਾਲੇ ਦਿਨ ਤਕਰੀਬਨ ਇਕ ਲੱਖ ਸੰਗਤਾਂ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਅਤੇ ਗੁਰਬਾਣੀ ਕੀਰਤਨ ਤੇ ਗੁਰ – ਇਤਿਹਾਸ ਦਾ ਰਸ ਮਾਣਦੀਆਂ ਹਨ। ਗੁਰੂ ਦਸਮੇਸ਼ ਜੀ ਦੀ ਕਥਨੀ ਅਤੇ ਕਰਨੀ ਤੋਂ ਕੁਰਬਾਨ ਸੰਗਤਾਂ ਬਿਅੰਤ ਮਾਇਆ ਭੇਟਾ ਕਰਦੀਆਂ ਹਨ। ਲੰਗਰ ਰਿਹਾਇਸ਼ ਦਾ 24 ਘੰਟੇ ਪ੍ਰਬੰਧ ਹੈ।

Photos