Gurudwara Tutti Ganddhi sahib, Muktsar ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ

Gurudwara Tutti Ganddhi sahib, Muktsar ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ

Average Reviews

Description

ਗੁਰਦੁਆਰਾ ਸ੍ਰੀ ਮੁੁਕਤਸਰ ਸਾਹਿਬ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲਾਂ ਖਿਲਾਫ਼ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰਨ ਵਾਲੇ 40 ਸਿੱਖਾਂ ਨਾਲ ਸਬੰਧਤ ਹੈ। ਇਸ ਜਗਾਹ ‘ਤੇ ਗੁਰੂ ਜੀ ਨੇ ਚਾਲੀ ਸਿੰਘਾਂ ਨੂੰ ਮੁਕਤ ਕੀਤਾ ਸੀ ।

ਮੁਕਤਸਰ ਸ਼ਹਿਰ, 1925 ਦਾ ਨਕਸ਼ਾ

ਸ਼ਹਿਰ  ਮੁਕਤਸਰ ਦੀ ਵਸੋਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਦਵਾਰਾ ਹੈ। ਇੱਥੇ ੪੦ ਮੁਕਤਿਆਂ ਨੇ ਧਰਮ ਯੁੱਧ ਕੀਤਾ ਤੇ ਹਜ਼ਾਰਾਂ ਹੀ ਜ਼ਾਲਮਾਂ ਦਾ ਨਾਸ ਕਰਕੇ ਸ਼ਹੀਦ ਹੋਏ। ਇਹ ਜੰਗ 31 ਵਿਸਾਖ ਨੂੰ ਹੋਈ ਸੀ ਜਿਨ੍ਹਾਂ ਦੇ ਪਵਿੱਤ੍ਰ ਨਾਮ ਇਹ ਹਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਜੋ ਵਰ ਦਾਨ ਬਖਸ਼ੇ ਉਹ ਭੀ ਲਿਖੇ ਜਾਂਦੇ ਹਨ :

੧.ਭਾਈ ਭਾਗ ਸਿੰਘ ਜੀ ਪੰਜ ਹਜ਼ਾਰੀ
੨. ਭਾਈ ਦਿਲਬਾਗ ਸਿੰਘ ਜੀ ਪੰਜ ਹਜ਼ਾਰੀ
੩. ਮਾਨ ਸਿੰਘ ਜੀ ਕਸ਼ਮੀਰੀ , ਬੀਸ ਹਜ਼ਾਰੀ
੪. ਨਿਧਾਨ ਸਿੰਘ ਜੀ ਬੀਸ ਹਜ਼ਾਰੀ
੫. ਘਰਬਾਰਾ ਸਿੰਘ ਜੀ ਬੀਸ ਹਜ਼ਾਰੀ
੬. ਦਰਬਾਰਾ ਸਿੰਘ ਜੀ ਬੀਸ ਹਜ਼ਾਰੀ
੭. ਕ੍ਰਿਪਾਲ ਸਿੰਘ ਜੀ ਬੀਸ ਹਜ਼ਾਰੀ
੮. ਦਿਆਲ ਸਿੰਘ ਜੀ ਬੀਸ ਹਜ਼ਾਰੀ
੯. ਨਿਹਾਲ ਸਿੰਘ ਜੀ ਤੀਸ ਹਜ਼ਾਰੀ
੧੦. ਖ਼ੁਸ਼ਹਾਲ ਸਿੰਘ ਜੀ ਤੀਸ ਹਜ਼ਾਰੀ
੧੧. ਗੰਡਾ ਸਿੰਘ ਜੀ ਚਾਲੀ ਹਜ਼ਾਰੀ
੧੨. ਸਿੰਘਾ ਸਿੰਘ ਜੀ ਚਾਲੀ ਹਜ਼ਾਰੀ
੧੩. ਸੁਹੇਲ ਸਿੰਘ ਜੀ ਚਾਲੀ ਹਜ਼ਾਰੀ
੧੪. ਚੰਬਾ ਸਿੰਘ ਜੀ ਲਾਹੌਰ ਦਾ ਸੂਬਾ
੧੫. ਹੀਰਾ ਸਿੰਘ ਜੀ ਸੂਰਤ ਬੰਦਰ ਦਾ ਰਾਜਾ
੧੬. ਸ਼ਮੀਰ ਸਿੰਘ ਜੀ ਫ਼ਰੁਖ਼ ਬਾਦ ਦਾ ਸੂਬਾ
੧੭. ਸੁਲਤਾਨ ਸਿੰਘ ਜੀ ਫ਼ਰੁਖ਼ਾ ਬਾਦ ਦਾ ਸੂਬਾ
੧੮. ਮਾਇਆ ਸਿੰਘ ਜੀ ਪੰਜ ਹਜ਼ਾਰੀ
੧੯. ਮੱਜਾ ਸਿੰਘ ਜੀ ਕੰਧਾਰੀ , ਸੱਠ ਹਜ਼ਾਰੀ
੨੦. ਸਾਧੂ ਸਿੰਘ ਜੀ ਮੁਲਤਾਨ ਦਾ ਰਾਜਾ
੨੧. ਗੁਲਾਬ ਸਿੰਘ ਜੀ ਸਵਾ ਲੱਖ ਦਾ ਮਨਸਬਦਾਰ
੨੨. ਹਰਸਾ ਸਿੰਘ ਜੀ ਸਵਾ ਲੱਖ ਦਾ ਮਨਸਬਦਾਰ
੨੩. ਸੰਗਤ ਸਿੰਘ ਜੀ ਪੂਰਬੀਆ , ਦਿੱਲੀ ਦਾ ਰਾਜਾ
੨੪. ਸੁਰਜਣ ਸਿੰਘ ਜੀ ਸੱਠ ਹਜ਼ਾਰੀ
੨੫. ਭਾਈ ਹਰੀ ਸਿੰਘ ਜੀ ਮੈਨ – ਦ੍ਰਾਬ ਦਾ ਰਾਜਾ
੨੬. ਧੰਨਾ ਸਿੰਘ ਜੀ ਮੈਨ – ਦ੍ਵਾਬ ਦਾ ਰਾਜਾ
੨੭. ਕਰਣ ਸਿੰਘ ਜੀ ਫ਼ਤੇਗੜ੍ਹ ਦਾ ਸੂਬਾ
੨੮. ਕੀਰਤ ਸਿੰਘ ਜੀ ਪਹਾੜ ਦਾ ਰਾਜਾ
੨੯. ਲਛਮਣ ਸਿੰਘ ਜੀ ਪਹਾੜ ਦਾ ਰਾਜਾ  
੩੦. ਦਸਮ ਸਿੰਘ ਜੀ ਪਸ਼ਾਵਰ ਦਾ ਰਾਜਾ
੩੧. ਬੁੱਢਾ ਸਿੰਘ ਜੀ ਪੋਠੋਹਾਰ ਦਾ ਰਾਜਾ
੩੨. ਕੇਸ਼ਵ ਸਿੰਘ ਜੀ ਪਸ਼ਾਵਰ ਦਾ ਰਾਜਾ
੩੩. ਜਾਦਵ ਸਿੰਘ ਜੀ ਪੋਠੋਹਾਰ ਦਾ ਰਾਜਾ
੩੪. ਸੋਭਾ ਸਿੰਘ ਜੀ ਕਾਬਲ ਦਾ ਸੂਬਾ
੩੫. ਜੋਗਾ ਸਿੰਘ ਜੀ ਰੂਮ ਸ਼ਾਮ ਦਾ ਬਾਦਸ਼ਾਹ
੩੬. ਭੰਗਾ ਸਿੰਘ ਜੀ ਈਰਾਨ ਦਾ ਬਾਦਸ਼ਾਹ
੩੭. ਜੰਗਾ ਸਿੰਘ ਜੀ ਕਾਂਸ਼ੀ ਦਾ ਰਾਜਾ
੩੮. ਧਰਮ ਸਿੰਘ ਜੀ ਬਲਖ਼ ਬੁਖ਼ਾਰੇ ਦਾ ਰਾਜਾ
੩੯. ਕਰਮ ਸਿੰਘ ਜੀ ਅਰਬ ਦਾ ਬਾਦਸ਼ਾਹ
੪੦. ਮਹਾਂ ਸਿੰਘ ਜੀ ( ਮਝੈਲ )

ਅਜੇ ਕਲਗੀਧਰ ਜੀ ਇਕੱਲੇ ਇਕੱਲੇ ਸ਼ਹੀਦ ਦਾ ਮੂੰਹ ਰੁਮਾਲ ਨਾਲ ਪੂੰਝ ਰਹੇ ਅਤੇ ਵਰ ਬਖਸ਼ ਰਹੇ ਸਨ ਕਿ ਭਾਈ ਮਹਾਂ ਸਿੰਘ ਜੀ ਅਜੇ ਸਹਿਕਦੇ ਸਨ ਕਿ ਗੁਰੂ ਜੀ ਦੇ ਦੀਦਾਰੇ ਕਰਕੇ ਨਿਹਾਲ ਹੋ ਗਿਆ ਤੇ ਹੱਥ ਜੋੜਕੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀਓ ! “ ਟੂਟੀ ਗਾਢਨ ਹਾਰ ਗੋਪਾਲ ” ਦੇ ਮਹਾਵਾਕ ਨੂੰ ਸਫਲਾ ਕਰੋ। ਗੁਰੂ ਜੀ ਨੇ ਬਹੁਤ ਪ੍ਰਸੰਨ ਹੋਕੇ ਫੁਰਮਾਇਆ ਕਿ ਭਾਈ ਮਹਾਂ ਸਿੰਘਾ ! ਕੋਈ ਹੋਰਇੱਛਾ ਹੈ ਤਾਂ ਮੰਗ ਲੈ। ਫਿਰ ਭਾਈ ਮਹਾਂ ਸਿੰਘ ਨੇ ਇਹੀ ਅਰਜ ਕੀਤੀ ਕਿ- “ ਹੇ ਸੱਚੇ ਪਾਤਸ਼ਾਹ ! ਮੈਨੂੰ ਦੁਨੀਆਂ ਦੇ ਕਿਸੇ ਪਦਾਰਥ ਦੀ ਇੱਛਾ ਨਹੀਂ ਰਹੀ ਮੇਰੇ ਸੁਆਸ ਸਰੀਰੀ ਤੋਂ ਵਿਦਾ ਹੋਣ ਲਈ ਤਿਆਰ ਹਨ, ਅਸੀਂ ਜੋ ਬੇ-ਦਾਵਾ ਲਿਖਕੇ ਦੇ ਆਏ ਹਾਂ, ਕ੍ਰਿਪਾ ਕਰਕੇ ਉਹ ਫਾੜ ਦਿਓ ਅਤੇ ਆਪਣੇ ਚਰਨਾਂ ਨਾਲ ਮੇਲ ਲਓ। ” ਦੁਨੀਆਂ ਦੇ ਵਾਲੀ ਪਰਮ ਕ੍ਰਿਪਾਲੂ ਸਤਿਗੁਰੂ ਜੀ ਨੇ ਝੱਟ ਉਸੀ ਵੇਲੇ ਉਹ ਬੇ-ਦਾਵੇ ਦਾ ਕਾਗਜ਼ ਕੱਢਕੇ ਪਾੜ ਦਿੱਤਾ ਤੇ ਫੁਰਮਾਇਆ ਕਿ- “ ਭਾਈ ਮਹਾਂ ਸਿੰਘ ! ਮਾਝੇ ਦੀ ਸਿੱਖੀ ਤੂੰ ਰੱਖ ਦਿਖਾਈ ਹੈ। ਇਤਨੇ ਵਿੱਚ ਹੀ ਭਾਈ ਮਹਾਂ ਸਿੰਘ ਜੀ ਗੁਰੂ ਜੀ ਦੀ ਗੋਦ ਵਿੱਚ ਹੀ ‘ਸੱਚ – ਖੰਡ’ ਨੂੰ ਪਧਾਰ ਗਏ। ਇਕਤਾਲਵੀਂ ਮਾਈ ‘ ਭਾਗੋ ’ ਸੀ, ਜੋ ਗੋਤ ਢਿੱਲੋਂ, ਉੱਚ ਆਚਾਰ ਵਾਲੀ ਇਸਤ੍ਰੀ ‘ਝਬਾਲ’ ਪਿੰਡ ਅੰਮ੍ਰਿਤਸਰ ਦੀ ਸੀ ਜਦੋਂ ਆਨੰਦਪੁਰ ਸਾਹਿਬ ਦੇ ਯੁੱਧ ਵਿੱਚ ਬਹੁਤ ਸਾਰੇ ਸਿੱਖ ਗੁਰੂ ਜੀ ਨੂੰ ਗੁਰਸਿੱਖੀ ਤੋਂ ਬੇ-ਦਾਵਾ ਲਿਖਕੇ ਦੇ ਆਏ ਤਾਂ ਇਸ ਮਾਈ ਭਾਗੋ ਨੇ ਇਨ੍ਹਾਂ ਨੂੰ ਧਿਰਕਾਰਿਆ ਅਤੇ ਆਪ ਸਿੰਘ ਭੇਸ ਧਾਰਕੇ ਘੋੜੇ ਪਰ ਸਵਾਰ ਹੋਕੇ ਐਸੇ ਵਾਕ ਕਹੇ ਕਿ ਕਈ ਯੋਧੇ ਇਸ ਨਾਲ ਸਾਥੀ ਬਣਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਣ ਲਈ ਤਿਆਰ ਹੋ ਗਏ। ਇਹ ਮਾਤਾ ੪੦ ਮੁਕਤਿਆਂ ਦੇ ਨਾਲ ਮੁਕਤਸਰ ਦੇ ਜੰਗ ਵਿੱਚ ਲੜੀ ਅਤੇ ਬਹੁਤ ਜਖਮੀ ਹੋ ਗਈ। ਦਸਮ ਗੁਰੂ ਜੀ ਨੇ ਇਲਾਜ ਕਰਾਕੇ ਰਾਜੀ ਕੀਤਾ, ਅੰਮ੍ਰਿਤ ਛਕਾਕੇ ਨਾਮ ਭਾਗ ਕੌਰ ਰੱਖਿਆ ਤੇ ਮਰਦਾਵਾਂ ਭੇਸ ਧਾਰਕੇ ਗੁਰੂ ਜੀ ਦੀ ਅਰਦਲ ਵਿੱਚ ਰਹਿੰਦੀ ਰਹੀ। ਸਤਿਗੁਰੂ ਜੀ ਦੇ ਜੋਤੀ ਜੋਤ ਸਮਾਵਨ ਤਦੇ ਉਪਰੰਤ ਉਦਾਸ ਹੋਕੇ ਬਿਦਰ ਚਲੀ ਗਈ, ਦੇਹ ਤਿਆਗੀ। ਮਾਈ ਦੇ ਨਾਮ ਦਾ ਬੁੰਗਾ ਅਜੇ ਵੀ  ਸ਼੍ਰੀ ਅਬਚਲ ਨਗਰ ਵਿਖੇ ਹੈ।  ਸੰਮਤ 1979 ਨੂੰ ਮੁਕਤਸਰ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਹੰਤਾਂ ਨੂੰ ਪਾਸੇ ਕਰਕੇ ਮਿਲੀ। ਕਿਹਾ ਜਾਂਦਾ ਹੈ ਕਿ ਕਈ ਮਣ ਕਬੂਤਰਾਂ ਦੀਆਂ ਬਿਠਾਂ ਦਰਬਾਰ ਸਾਹਿਬ ਦੇ ਅੰਦਰੋਂ ਕਢੀਆਂ।ਸੇਵਾਦਾਰਾਂ ਨੂੰ ਕਰੜੇ ਤੋਂ ਕਤੜੇ ਦੁਖ ਝੱਲਣੇ ਪਏ। 

ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਇਕ ਦੁਰਲਭ ਤਸਵੀਰ

ਮੇਲਾ ਮਾਘੀ
ਹਰ ਵਰ੍ਹੇ 1 ਮਾਘ ਨੂੰ ਚਾਲੀ ਮੁਕਤਿਆਂ ਦੀ ਯਾਦ ਵਿਚ ‘ਮੇਲਾ ਮਾਘੀ’ ਮਨਾਇਆ ਜਾਂਦਾ ਹੈ। ਸੰਗਤਾਂ ਭਾਰੀ ਗਿਣਤੀ ਵਿਚ ਸਰੋਵਰ ਇਸ਼ਨਾਨ ਕਰਦੀਆਂ। ਖਿਦਰਾਣੇ ਦੀ ਜੰਗ ਭਾਵੇਂ ਵੈਸਾਖ ਵਿਚ ਹੋਈ ਸੀ ਪਰ ਭਾਈ ਲੰਗਰ ਸਿੰਘ ਨੇ (ਜੋ ਉਸ ਵੇਲੇ ਗੁਰੂ ਜੀ ਦਾ ਹਜੂਰੀ ਸਿਖ ਸੀ ਅਤੇ ਜਿਨ੍ਹੇ ਦਾ ਮਕਾਨ ਉਘੇ ਪਿੰਡ ਹਰੀਕੇ ਸੀ) ਕਈ ਵਰ੍ਹੇ ਪਿਛੋਂ ਏਸ ਅਸਥਾਨ ਦੇ ਸਿੰਘਾਂ ਦੇ ਦਲਾਂ ਨੂੰ ਦੱਸਕੇ ਮਾਘੀ ਦਾ ਜੋੜ ਮੇਲਾ ਲਗਾਉਣਾ ਸ਼ੁਰੂ ਕੀਤਾ, ਕਿਉਂਕਿ ਵਿਸਾਖ ਰੁਤ ਗਰਮੀ ਅਤੇ ਕੱਕੇ ਰੇਤ ਦੇ  ਟਿੱਬਿਆਂ ਕਾਰਨ ਮਾਲਵੇ ਦੇਸ ਵਿਚ ਯਾਤਰਾ ਕਰਨ ਔਖੀ ਸੀ।

ਖਿਦਰਾਣੇ ਦੀ ਢਾਬ ‘ਤੇ ਸ਼ਸ਼ੋਬਿਤ ਗੁਰਦੁਆਰੇ

ਖਿਦਰਾਣੇ ਦੀ ਢਾਬ ਗੁਰੂ ਸਾਹਿਬ ਦੀ ਛੋਹ ਨਾਲ ਸਰੋਵਰ ਬਣ ਗਈ। ਇਸ ਸਰੋਵਰ ਨੂੰ ਪੱਕਾ ਬਣਾਉਣ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ। ਬਾਅਦ ‘ਚ ਫਰੀਦਕੋਟ, ਨਾਭਾ ਪਟਿਆਲਾ, ਜੀਂਦ ਰਿਆਸਤਾਂ ਨੇ ਪੂਰਾ ਕਰਵਾਇਆ। ਇਸ ਸਰੋਵਰ ਦੇ ਕੰਢੇ ‘ਤੇ ਹੀ ਗੁਰਦੁਆਰਾ ਮੰਜੀ ਸਾਹਿਬ( ਦਰਬਾਰ ਟੁੱਟੀ ਗੰਢੀ ਸਾਹਿਬ), ਤੰਬੂ ਸਾਹਿਬ, ਗੁਰਦੁਆਰਾ ਮਾਈ ਭਾਗੋ, ਟਿਬੀ ਸਾਹਿਬ, ਦਾਤਣ ਸਰ, ਤਰਨਤਾਰਨ ਸਾਹਿਬ ਬਣੇ ਹੋਏ ਹਨ।

ਸ੍ਰੀ ਦਰਬਾਰ ਸਾਹਿਬ( ਟੁੱਟੀ ਗੰਢੀ ਸਾਹਿਬ)

ਇਹ ਮੁਕਤਸਰ ਦਾ ਪ੍ਰਮੁੱਖ ਇਤਿਹਾਸਕ ਗੁਰਦੁਆਰਾ ਹੈ, ਜੋ ਸਰੋਵਰ ਦੇ ਪੱਛਮੀ ਕੰਢੇ ‘ਤੇ ਸਸ਼ੋਭਿਤ ਹੈ। ਪਹਿਲਾਂ ਇਹ ਅਸਥਾਨ ਕੁਝ ਸਿੱਖ ਪਰਿਵਾਰਾਂ ਨੇ 1743 ਵਿਚ ਉਸਾਰਿਆ, ਜਦੋਂ ਉਹ ਇਥੇ ਰਹਿੰਦੇ ਸਨ। ਦੁਬਾਰਾ ਇਸ ਅਸਥਾਨ ਨੂੰ ਭਾਈ ਦੇਸਾ ਸਿੰਘ, ਭਾਈ ਲਾਲ ਸਿੰਘ (ਕੈਂਥਲ) ਨੇ ਸੇਵਾ ਕਰਵਾਈ।ਮਹਾਰਾਜਾ ਰਣਜੀਤ ਸਿੰਘ ਵੱਲੋਂ ਸਤਿਲੁਜ ਉਰਾਰ ਦੇ ਇਲਾਕੇ ਨੂੰ ਕਬਜ਼ੇ ਹੇਠ ਲੈਣ ਉਪਰੰਤ ਆਪਣੇ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਅਤੇ ਦੀਵਾਨ ਮੋਹਕਮ ਚੰਦ ਦੀ ਦੇਖ – ਰੇਖ ਹੇਠ ਸਭ ਤੋਂ ਪਹਿਲਾਂ, ਜਿੱਥੇ ਗੁਰੂ ਜੀ ਨੇ ਭਾਈ ਮਹਾਂ ਸਿੰਘ ਦੀ ਬੇਨਤੀ ‘ਤੇ ਬੇਦਾਵਾ ਪਾੜ ਕੇ ਟੁੱਟੀ ਗੰਢੀ, ਉਥੇ ਗੁਰਦੁਆਰਾ ਟੁੱਟੀ-ਗੰਢੀ ਸਾਹਿਬ ਅਤੇ ਸ਼ਹੀਦਾਂ ਦੇ ਸਸਕਾਰ ਵਾਲੇ ਸਥਾਨ ਗੁਰਦੁਆਰਾ ਸ਼ਹੀਦ ਗੰਜ ਦੀ ਇਮਾਰਤ ਸਾਲ 1810 ਵਿੱਚ ਮੁਕੰਮਲ ਕਰਵਾਈ (ਬਾਅਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਨੂੰ ਹੋਰ ਸੰਵਾਰਨ ਅਤੇ ਪੱਕਾ ਕਰਨ ਦੀ ਸੇਵਾ ਫਰੀਦਕੋਟ ਦੇ ਮਹਾਰਾਜਾ ਬਿਕ੍ਰਮ ਸਿੰਘ ਨੇ1892 ਵਿਚ ਕਰਵਾਈ)। ਕਈ ਸਾਲਾਂ ਦੀ ਲਗਾਤਾਰ ਮਿਹਨਤ ਅਤੇ ਭਾਰੀ ਲਾਗਤ ਨਾਲ ਤਿਆਰ ਹੋਈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੀ ਇਮਾਰਤ ਦਾ ਸ਼ੁਮਾਰ ਉਸ ਸਮੇਂ ਮੁਲਕ ਭਰ ਦੀਆਂ ਖੂਬਸੂਰਤ ਇਮਾਰਤਾਂ ਵਿੱਚ ਹੁੰਦਾ ਸੀ , ਜਿਸ ਦੀਆਂ ਛੱਤਾਂ ਅੰਦਰ ਸੋਨੇ ਨਾਲ ਬਹੁਤ ਖੂਬਸੂਰਤ ਨੱਕਾਸ਼ੀ ਕਰਵਾਈ ਗਈ ਸੀ। ਇਸ ਦਰਬਾਰ ਸਾਹਿਬ ਅੰਦਰਲੇ ਹਰਿਮੰਦਰ ਸਾਹਿਬ ਦੀ ਸੇਵਾ ਸੰਮਤ 1896 ਈ. ਵਿੱਚ ਸ. ਉਦੇ ਸਿੰਘ ਕੈਥਲ ਵਾਲਿਆਂ ਨੇ ਕਰਵਾਈ ਸੀ। ਜਦ ਕਿ ਸਫੈਦ ਸੰਗਮਰਮਰ ਅਤੇ ਗੁੰਬਦਾਂ ਦੀ ਸੇਵਾ ਕਾਫੀ ਬਾਦ ਵਿੱਚ ਸੰਤ ਬਾਬਾ ਗੁਰਮੁਖ ਸਿੰਘ ਜੀ ਸੰਤ ਬਾਬਾ ਸਾਧੂ ਸਿੰਘ ਜੀ ਦੁਆਰਾ ਕਰਵਾਈ ਗਈ। ਪਰਿਕਰਮਾ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਲਈ ਲਗਭਗ 10 ਫੁੱਟ ਉਚੇ ਥੜੇ ਉਪਰ ਵੱਡੇ ਦਰਵਾਜ਼ੇ ਅਤੇ ਦਰਸ਼ਨੀ ਡਿਓਢੀ ਬਣਾਈ ਗਈ ਸੀ ਜਿਸ ਦੇ ਅੰਦਰ ਜਾਂਦਿਆਂ ਸੱਜੇ ਹੱਥ ਕੜਾਹ ਪ੍ਰਸ਼ਾਦਿ ਆਦਿ ਤਿਆਰ ਕਰਨ ਅਤੇ ਸੰਗਤਾਂ ਨੂੰ ਕਹਾੜ ਪ੍ਰਸ਼ਾਦਿ ਦੇਣ ਲਈ ਵਿਵਸਥਾ ਬਣਾਈ ਗਈ ਸੀ ਜਦ ਕਿ ਇਸ ਦੇ ਖੱਬੇ ਹੱਥ ਇੰਗਲੈਂਡ ਤੋਂ ਮੰਗਵਾਏ ਗਏ ਬਹੁਤ ਭਾਰੀ ਅਤੇ ਵੱਡੇ ਗਾਰਡਰਾਂ ਵਾਲੀ ਲਗਭਗ 25 x 50 ਸਾਈਜ਼ ਦੀ ਬਾਰਾਂਦਰੀ ਬਣਾਈ ਗਈ ਜਿੱਥੇ ਹੁਕਮਨਾਮੇ ਦੀ ਕਥਾ ਅਤੇ ਸੁਖ-ਆਸਣ ਕੀਤਾ ਜਾਂਦਾ ਸੀ। ਇਸ ਤੋਂ ਅੱਗੇ ਬਾਹਰਵਾਰ ਖਾਲੀ ਸਥਾਨ ਛੱਡ ਕੇ ਸਮਾਗਮਾਂ ਲਈ ਉੱਚਾ ਥੜ੍ਹਾ ਬਣਾਇਆ ਗਿਆ ਸੀ । ਜੂਨ 1984 ਦੇ ਫੌਜ ਹਮਲੇ ਦੌਰਾਨ ਟੈਂਕਾਂ ਵਲੋਂ ਦਾਗ਼ੇ ਗੋਲਿਆਂ ਨਾਲ ਇਹ ਡਿਓਢੀ ਅਤੇ ਬਾਰਾਂਦਰੀ ਬਿਲਕੁਲ ਢਹਿ ਢੇਰੀ ਹੋ ਗਈ ਸੀ। ਇਸੇ ਪ੍ਰਕਾਰ ਦੀ ਸੁੰਦਰ ਨਕਾਸ਼ੀ ਵਾਲੀ ਦੂਸਰੀ ਦਰਸ਼ਨੀ ਡਿਊਢੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਕੋਟਲਾ ਬਜਾਰ ਤੋਂ ਆਉਣ ਵਾਲੇ ਰਸਤੇ ਦੇ ਸਾਹਮਣੇ ਬਣਾਈ ਗਈ ਸੀ।
  ਗੁਰਦੁਆਰਾ ਸਾਹਿਬ ਦੇ ਸਾਹਮਣੇ ਇੰਗਲੈਂਡ ਤੋਂ ਮੰਗਵਾਇਆ ਗਿਆ 102 ਫੁੱਟ ਉਚਾ ਨਿਸ਼ਾਨ ਸਾਹਿਬ ਲਗਾਉਣ ਲਈ 95 ਫੁੱਟ ਉੱਚੀ ਅਟਾਰੀ ਦੀ ਸੇਵਾ ਮਹਾਰਾਜਾ ਹੀਰਾ ਸਿੰਘ ਨਾਭਾ ਨੇ ਉਹਨਾਂ ਦੇ ਘਰ ਪੁੱਤਰ ਦੀ ਦਾਤ ( ਮਹਾਰਾਜਾ ਰਿਪੁਦਮਨ ਸਿੰਘ) ਪ੍ਰਾਪਤ ਹੋਣ ਤੇ ਕਰਵਾਈ ਗਈ ਸੀ। ਇਸੇ ਅਟਾਰੀ ਦੇ ਉਪਰ ਹੀ ਇੱਕ ਭਾਰੀ ਕਾਂਸੇ ਦੀ ਧਾਤ ਦਾ ਇੱਕ ਘੰਟਾ ਲਗਾਇਆ ਗਿਆ ਸੀ ਜੋ ਸਮਾਂ ਦੱਸਣ ਲਈ ਘੰਟੇ ਘੰਟੇ ਬਾਦ ਗੁਰਦੁਆਰਾ ਵਜਾਇਆ ਜਾਂਦਾ ਸੀ। ਜਿਸ ਦੀ ਅਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਸੀ।

ਸ੍ਰੀ ਦਰਬਾਰ ਸਾਹਿਬ ਦੀ ਪੁਰਾਤਨ ਤਸਵੀਰ ਜਿਸ ਵਿਚ ਅਟਾਰੀ, ਨਿਸ਼ਾਨ ਸਾਹਿਬ, ਦਰਸ਼ਨੀ ਡਿਊਡੀ ਦਿਖਾਈ ਦੇ ਰਹੇ ਹਨ

ਅਬਾਦੀ ਵਧਣ ਨਾਲ ਸਾਲ 1982-83 ਤੱਕ ਇੱਕ ਤਾਂ ਗੁਰੂ ਘਰਾਂ ਦੀਆਂ ਸ਼ਾਨਦਾਰ ਇਮਾਰਤਾਂ ਛੋਟੀਆਂ ਜਾਪਣੀਆਂ ਸ਼ੁਰੂ ਹੋ ਚੁੱਕੀਆਂ ਸਨ, ਦੂਸਰਾ ਇਲਾਕਾ ਸੇਮ ਦੀ ਮਾਰ ਹੇਠ ਆ ਜਾਣ ਕਾਰਣ ਇਨ੍ਹਾਂ ਵਿੱਚ ਭਾਰੀ ਤਰੇੜਾਂ ਪੈਣੀਆਂ ਸ਼ੁਰੂ ਗਈਆਂ ਸਨ। ਅਟਾਰੀ ਦੀ ਇਮਾਰਤ ਖਸਤਾ ਹੋਣ ਕਰਕੇ ਇਸ ਨੂੰ ਢਾਹ ਦਿੱਤਾ ਗਿਆ ਪਰ ਇੰਗਲੈਂਡ ਤੋਂ ਪ੍ਰਾਪਤ ਕਰਕੇ ਸਥਾਪਤ ਕੀਤਾ ਗਿਆ ਬਹੁਤ ਭਾਰੀ ਧਾਤ ਦਾ ਨਿਸ਼ਾਨ ਸਾਹਿਬ ਅੱਜ ਵੀ ਉਸੇ ਸ਼ਾਨ ਨਾਲ ਖੜਾ ਹੈ ਕਿਉਂਕਿ ਕਾਰ ਸੇਵਾ ਦੌਰਾਨ ਵੀ ਇਸ ਨੂੰ ਹਿਲਾ ਸਕਣਾਂ ਸੰਭਵ ਨਹੀਂ ਸੀ ਹੋ ਸਕਿਆ। ਇਸ ਦੀ ਬੁਨਿਆਦ ‘ਤੇ ਭਾਰੀ ਸੰਗਮਰਮਰ ਦੇ ਪੱਥਰ ਨਾਲ ਬਣੇ ਥੜੇ ਦੇ ਪੱਥਰ ਵੀ ਉਥੋਂ ਨਾਲ ਹੀ ਮੰਗਵਾਏ ਗਏ ਸਨ। ਪੱਤੀ ਪੁਜਾਰੀਆਂ ਦੇ ਗੁਰੂ ਘਰ ਦੇ ਪੁਜਾਰੀ ਸਿੰਘਾਂ ਨੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਇਸ ਗੁਰਦੁਆਰੇ ਦੇ ਨਾਲ ਹੀ ਖੂਹ ਲਗਾਉਣ ਦੀ ਸੇਵਾ ਆਰੰਭ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਚੱਕ ਮਦਰੱਸਾ ਵਿਖੇ ਪੁਰਾਣੇ ਕਿਲ੍ਹੇ ਤੋਂ ਇੱਟਾਂ ਲਿਆ ਕੇ ਅਤੇ ਕੋਟਕਪੂਰਾ ਤੋਂ ਚੂਨਾਂ ਲਿਆ ਕੇ ਖੂਹ ਪੱਕਾ ਕਰਵਾਇਆ। ਸ਼ਹਿਰ ਦੀ ਵੱਡੀ ਵੱਸੋ ਅੱਜ ਵੀ ਇਸੇ ਖੂਹ ਦਾ ਪਾਣੀ ਵਰਤ ਰਹੀ ਹੈ। ਗੁਰੂ ਘਰ ਦੀ ਸੁਰੱਖਿਆ ਲਈ ਫੌਜੀ ਯੂਨਿਟ ਲਈ ਇੱਕ ਸ਼ਾਨਦਾਰ ਕੋਟ ਸੰਨ 1818 ਵਿੱਚ ਉਸਾਰਿਆ ਗਿਆ ਸੀ ਇਸ ਤੋਂ ਇਲਾਵਾ ਕਈ ਹਜ਼ਾਰ ਏਕੜ ਜ਼ਮੀਨ ਦਰਬਾਰ ਸਾਹਿਬ ਦੇ ਨਾਮ ਲਗਵਾਈ ਸੀ, ਜੋ ਅੰਗਰੇਜ਼ਾਂ ਨੇ ਬੰਦੋਬਸਤ ਦੌਰਾਨ ਤੋੜ ਦਿੱਤੀ ਸੀ। ਅਜੇ ਵੀ ਕੁੱਝ ਜ਼ਮੀਨ ਦਰਬਾਰ ਸਾਹਿਬ ਦੇ ਨਾਮ ਤੇ ਹੈ।
   ਜਿਵੇਂ ਕਿ ਉਪਰ ਦਸ ਆਏ ਹਾਂ ਕਿ ਅਬਾਦੀ ਵਧਣ ਨਾਲ ਸਾਲ 1982-83 ਤੱਕ ਇੱਕ ਤਾਂ ਗੁਰੂ ਘਰਾਂ ਦੀਆਂ ਇਹ ਸ਼ਾਨਦਾਰ ਇਮਾਰਤਾਂ ਛੋਟੀਆਂ ਜਾਪਣੀਆਂ ਸ਼ੁਰੂ ਹੋ ਚੁੱਕੀਆਂ ਸਨ ਦੂਸਰਾ ਇਲਾਕਾ ਸੇਮ ਦੀ ਮਾਰ ਹੇਠ ਆ ਜਾਣ ਕਾਰਣ ਇਨ੍ਹਾਂ ਵਿੱਚ ਵੰਡੀਆਂ ਤਰੇੜਾਂ ਵੀ ਪੈ ਕੇ ਇਮਾਰਤਾਂ ਡਿੱਗਣ ਕਿਨਾਰੇ ਹੋਣੀਆਂ ਸ਼ੁਰੂ ਹੋ ਚੁੱਕੀਆਂ ਸਨ। ਕਿਹਾ ਜਾਂਦਾ ਹੈ ਕਿ ਅਜਿਹੇ ਵਿਚ ਸੰਗਤਾਂ ਦੇ ਕਹਿਣ ‘ਤੇ ਇਨ੍ਹਾਂ ਸਥਾਨਾਂ ਦੇ ਨਵ -ਨਿਰਮਾਣ  ਲਈ ਸੇਵਾ 1983 ਈ. ਦੌਰਾਨ ਕਾਰ ਸੇਵਾ ਦਿੱਲੀ ਵਾਲੇ ਸੰਤ ਬਾਬਾ ਹਰਬੰਸ ਸਿੰਘ ਜੀ ਅਤੇ ਸੰਤ ਬਾਬਾ ਕਰਨੈਲ ਸਿੰਘ ਵਲੋਂ ਸੰਭਾਲੀ ਗਈ। ਚਸ਼ਮਦੀਦਾਂ ਅਨੁਸਾਰ ਜਿਸ ਸਥਾਨ ਉਪਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੌਜੂਦ ਹੈ, ਉਸ ਦੀਆਂ ਨੀਹਾਂ ਪੁਟਣ ‘ਤੇ ਇਕ 6×6 ਦਾ ਚੂਨੇ ਨਾਲ ਬਣਿਆ ਥੜ੍ਹਾ ਮਿਲਿਆ। ਇਹ ਥੜ੍ਹਾ ਜੰਗ ਉਪਰੰਤ ਗੁਰੂ ਸਾਹਿਬ ਦੇ ਜਾਣ ਤੋਂ ਬਾਦ ਸ਼ਰਧਾਲੂ ਸੰਗਤ ਦੁਆਰਾ ਇਥੇ ਸਭ ਤੋਂ ਪਹਿਲੀ ਨਿਸ਼ਾਨੀ ਬਣ ਗਿਆ ਸੀ ਅਤੇ ਫਿਰ ਇਸ ਥੜ੍ਹੇ ਨੂੰ ਉਸੇ ਤਰ੍ਹਾਂ ਰੱਖਦਿਆਂ ਹਰੀ ਸਿੰਘ ਨਲੂਆ ਨੇ ਉਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਵਾਈ।

ਪਵਿਤਰ ਸਰੋਵਰ

ਜੰਗ ਸਮੇਂ ਇਹ ਸਰੋਵਰ ਖਿਦਰਾਣੇ ਦੀ ਢਾਬ ਵਜੋਂ ਪ੍ਰਚੱਲਿਤ ਸੀ। ਸਮੇਂ ਸਮੇਂ ‘ਤੇ ਗੁਰ ਘਰ ਦਿਆਂ ਸਿਖਾਂ ਨੇ ਸੇਵਾ ਲੈ ਕੇ ਇਸ ਨੂੰ ਪੱਕਾ ਕਰਨਾ ਸ਼ੁਰੂ ਕੀਤਾ। ਢਾਬ ਦੀ ਪੂਰਬੀ ਬਾਹੀ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਦੀਵਾਨ ਮੋਹਕਮ ਚੰਦ ਵਲੋਂ ਜਦ ਕਿ ਉਤਰ ਵਾਲੀ ਬਾਹੀ ਜਰਨੈਲ ਹਰੀ ਸਿੰਘ ਨਲੂਆ ਵਲੋਂ ਪੱਕੀ ਕਰਵਾਈ ਗਈ ਸੀ। ਪਰਿਕਰਮਾਂ ਦਾ ਬਾਕੀ ਹਿੱਸਾ ਖਾਲਸਾ ਰਾਜ ਸਮੇਂ ਜੰਗਾਂ-ਯੁਧਾਂ ਦਾ ਦੌਰ ਹੋਣ ਕਾਰਣ ਨੇਪਰੇ ਨਾ ਚੜ੍ਹ ਸਕਿਆ। ਬਾਅਦ ਵਿੱਚ ਸਰੋਵਰ ਦੀ ਦੱਖਣੀ ਬਾਹੀ ਮਹਾਰਾਜਾ ਨਰਿੰਦਰ ਸਿੰਘ ਪਟਿਆਲਾ, ਮਹਾਰਾਜਾ ਨਾਭਾ ਨੇ ਬਣਵਾਈ। ਦਰਬਾਰ ਸਾਹਿਬ ਦੇ ਸਾਹਮਣੇ ਦੀ ਜਾਂ ਪੱਛਮੀ ਬਾਹੀ ਗੁਰਦੁਆਰੇ ਦੇ ਪੁਜਾਰੀਆਂ ਨੇ ਸਿੱਖਾਂ ਦੀਆਂ ਤਿੰਨ ਰੈਜਮੈਂਟਾਂ 14 35 ਅਤੇ 36 ਨੰਬਰ ਪਾਸੋਂ ਉਗਰਾਹੀ ਕਰਕੇ ਅਤੇ ਕੁੱਝ ਆਪਣਾ ਹਿੱਸਾ ਪਾ ਕੇ ਮੁਕੰਮਲ ਕੀਤੀ। ਸਰੋਵਰ ਦੁਆਲੇ ਪਰਿਕਰਮਾਂ ਦੀ ਸੇਵਾ ਮਹਾਰਾਜਾ ਫਰੀਦਕੋਟ ਨੇ ਇੱਟਾਂ ਦਾ ਫਰਸ਼ ਲਗਵਾ ਕੇ ਕੀਤੀ। ਗਿਆਨੀ ਗਿਆਨ ਸਿੰਘ ਜੀ ਅਨੁਸਾਰ , ਸੰਨ 1873 ਈ . ਵਿੱਚ ਸ. ਗੰਡਾ ਸਿੰਘ ਭੰਡਾਰੀ ਜੋ ਵਾਈਸ ਪ੍ਰਧਾਨ , ਮਿਊਂਸਪਲ ਕਮੇਟੀ ਰਈਸ ਮੁਕਤਸਰ ਅਤੇ ਦਰਬਾਰ ਸਾਹਿਬ ਕਮੇਟੀ ਦੇ ਪ੍ਰਧਾਨ ਰਹੇ ਵਲੋਂ ਕਮਿਸ਼ਨਰ ਜਲੰਧਰ ਦੀ ਆਗਿਆ ਨਾਲ ਸਰੋਵਰ ਪੱਕਾ ਕਰਨ ਦੇ ਰਹਿੰਦੇ ਕੰਮ, ਬਾਰਾਂਦਰੀ ਦੇ ਰਹਿੰਦੇ ਹਿੱਸੇ ਸਮੇਤ ਕਈ ਹੋਰ ਮਕਾਨ ਤਿਆਰ ਕਰਵਾਏ। ਇਸ ਤੋਂ ਇਲਾਵਾ ਸੰਗਮਰਮਰ ਅਤੇ ਸੋਨੇ ਦਾ ਕੰਮ ਵੀ ਕਰਵਾਇਆ । ਬਾਦ ਵਿੱਚ ਇਨ੍ਹਾਂ ਦੇ ਸਪੁੱਤਰ ਸ. ਭਗਤ ਸਿੰਘ ਜੀ ਭੰਡਾਰੀ ਸਬ ਰਜਿਸਟਰਾਰ , ਤਹਿਸੀਲ ਮੁਕਤਸਰ ਦੀ ਨਿਗਰਾਨੀ ਵਿੱਚ ਦਰਬਾਰ ਸਾਹਿਬ ਦੀ ਆਮਦਨੀ ਵਿਚੋਂ ਮੁਰੰਮਤ ਆਦਿਕ ਦੇ ਕਾਰਜ ਹੁੰਦੇ ਰਹੇ। ਇਲਾਕੇ ਦੇ ਇੱਕ ਵੱਡੇਰੀ ਉਮਰ ਦੇ ਬਜ਼ੁਰਗ ਸ਼੍ਰੀ ਬਨਾਰਸੀ ਦਾਸ ਜੀ ਜਿਨ੍ਹਾਂ ਦਾ ਘਰ ਗੁਰਦੁਆਰਾ ਸਾਹਿਬ ਦੇ ਨਾਕਾ ਨੰਬਰ ਇੱਕ ਦੇ ਬਿਲਕੁਲ ਨਾਲ ਸ. ਹਰਚਰਨ ਸਿੰਘ ਬਰਾੜ, ਸਰਾਏਨਾਗਾ ਵਾਲਿਆਂ ਦੇ ਵਡੇਰਿਆਂ ਵਲੋਂ ਬਣਾਈ ਗਈ ਸਰਾਂ ਦੇ ਨਾਲ ਹੈ, ਦੇ ਦੱਸਣ ਅਨੁਸਾਰ ਇਸ ਸਰੋਵਰ ਦੁਆਲ ਪੂਰਬੀ ਬਾਹੀ ਦੇ ਨਾਕਾ ਨੰਬਰ 6 ਤੇ ਗਊ ਘਾਟ ਬਣਿਆ ਸੀ ਜਿੱਥੇ ਆਲੇ ਦੁਆਲੇ ਦੇ ਜ਼ਿਮੀਂਦਾਰ ਅਪਣੇ ਪਸ਼ੂਆਂ ਨੂੰ ਪਾਣੀ ਆਦਿ ਪਿਆਉਂਦੇ ਉਨ੍ਹਾਂ ਵੇਖੋ ਹਨ , ਇੱਥੇ ਨਾਲ ਹੀ ਥੋੜਾ ਪਰਦਾ ਬਣਾ ਕੇ ਔਰਤਾਂ ਦੇ ਇਸ਼ਨਾਨ ਲਈ ਸਥਾਨ ਪੌਣਾ ਬਣਾਇਆ ਗਿਆ ਸੀ। ਇਸ ਬਾਹੀ ਦੇ ਅੱਧ ਤੇ ਸਰੋਵਰ ਅੰਦਰ ਵਧਿਆ ਇੱਕ ਖੂਬਸੂਰਤ ਚੋਰਸ ਥੜ੍ਹਾ ਸੰਗਤਾਂ ਦੇ ਪ੍ਰਮਾਰਥਕ ਵਿਚਾਰਾਂ ਲਈ ਬਣਿਆ ਹੋਇਆ ਸੀ। ਇਸੇ ਪੂਰਬੀ ਬਾਹੀ ਤੇ ਹੀ ਉਤਰ ਵੱਲ ਨੂੰ ਜਾਂਦਿਆ ਪ੍ਰਕਰਮਾਂ ਦੇ ਬਾਹਰਵਾਰ(ਜਿਥੇ ਹੁਣ ਕਾਰਸੇਵਾ ਦਿਲੀ ਵਾਲਿਆਂ ਦਾ ਡੇਰਾ ਹੈ) ਫਰੀਦਕੋਟ ਦੇ ਮਹਾਰਾਜਾ ਵੱਲੋਂ ਸੁੰਦਰ ਸਰਾਂ ਤਾਮੀਰ ਕਰਵਾਈ ਗਈ ਸੀ। ਜਿਥੇ ਪਵਿੱਤਰ ਦਿਹਾੜਿਆਂ ਦੇ ਅਵਸਰ ‘ਤੇ ਸ਼ਾਹੀ ਪਰਿਵਾਰ ਰੁਕਿਆ ਸੀ ਅਤੇ ਲੰਗਰ ਲਗਾਏ ਜਾਂਦੇ ਸਨ। ਪਰਿਕਰਮਾਂ ਤੋਂ 10 ਫੁਟ ਉੱਚੇ ਸਥਾਨ ‘ਤੇ ਬਣੀ ਇਹ ਸਰਾਂ ਦੇ ਵਿਚਾਰਿਓ ਨਿਕਲੀ ਇੱਕ ਸਿਧੀ ਢਲਾਣ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਸੰਘਣੇ ਦਰਖ਼ਤਾਂ ਵਾਲੀ ਪਰਿਕਰਮਾਂ ਵਿੱਚ ਦਾਖਿਲ ਹੋ ਜਾਂਦੀ ਸੀ। ਇਹ ਸਰਾਂ ਵਿੱਚ ਕਾਰ ਸੇਵਾ ਦਿੱਲੀ ਦਾ ਡੇਰਾ ਮੌਜੂਦਹੈ। ਇਸ ਅਸਥਾਨ ਦੀ ਪਰਕਰਮਾ ਵਿਚ ਸੰਘਣੇ ਵੱਡੇ ਰੁਖ ਹੋਣ ਦੀ ਗਲ ਮਹਿੰਦਰ ਸਿੰਘ ਰੰਧਾਵਾ ਨੇ ਆਪਣੀ ਆਤਮ ਕਥਾ ‘ਆਪ ਬੀਤੀ ਵਿਚ ਵੀ ਲਿਖੀ ਹੈ। ਮੌਜੂਦਾ ਸਮੇਂ ਇਤਿਹਾਸਕ ਵਣ ਤੋਂ ਇਲਾਵਆ ਕੋਈ ਵੀ ਰੁਖ ਮੌਜੂਦ ਨਹੀਂ ਹੈ। ਦਖਣੀ ਬਾਹੀ ਦੀ ਇੱਕ ਸਾਈਡ ‘ਤੇ ਇੱਕ ਉੱਚਾ ਸਥਾਨ ‘ਤੇ ਥੜ੍ਹਾ ਬੰਨ੍ਹ ਕੇ ਮਹੀਨੇ – ਮਸਿਆ ਰਾਗੀਆਂ ਵੱਲੋਂ ਕੀਰਤਨ ਅਤੇ ਕਥਾ ਕੀਤੀ ਗਈ ਸੀ। ਸਰੋਵਰ ਦੀ ਪੱਛਮੀ ਬਾਹੀ ‘ਤੇ ਵੀ ਸਰੋਵਰ ਦੇ ਅੰਦਰ ਵਧਾ ਕੇ ਚੌਰਸ ਉਚਾ ਸਥਾਨ ਕਥਾ ਵਿਚਾਰ ਲਈ ਤਿਆਰ ਕੀਤਾ ਗਿਆ। ਪਰਿਕਰਮਾਂ ਦੇ ਚਾਰੇ ਪਾਰ ਛਾਂ -ਦਾਰ ਭਾਗਾਂ ਸਨ। ਸਰੋਵਰ ਦੀ ਪਵਿਤਰਤਾ ਲਈ ਅਰੰਭੇ ਸਭ ਤੋਂ ਪਹਿਲੇ ਯਤਨਾਂ  ਵਿਚ ਸੰਤ ਬਾਬਾ ਗੁਰਮੁਖ ਸਿੰਘ ਕਾਰਸੇਵਾ ਵਾਲਿਆਂ ਨੇ ਸਰੋਵਰ ਦੇ ਦੁਆਲੇ  5- 5  ਫੁਟ ਔੜੇ ਸਥਾਨ ‘ਤੇ ਕਲੀ ਨਾਲ ਰਾਖਾ ਖਿਚ ਕੇ ਸੰਗਤ ਨੂੰ ਅੰਦਰ ਜੋੜੇ ਲਿਜਾਣ ਅਤੇ ਸਰੋਵਰ ਵਿਚੋਂ ਪਸ਼ੂ ਨਹਾਉਣ ਅਤੇ ਪਾਣੀ ਪਿਆਉਣ ਤੋਂ ਸ਼ਹਿਰਾਂ ਵਾਸੀਆਂ ਨੂੰ ਪ੍ਰੇਰਿਆ। ਹੌਲੀ ਹੌਲੀ ਸਰੋਵਰ ਦੀ ਮਹਿਮਾਂ ਦੱਸਦਾ ਹੈ ਕਿ ਸਰੋਵਰ ਦੁਆਲੇ ਕਾਫੀ ਚੌੜੀ ਪਰਿਕਰਮਾਂ ਅਤੇ ਦਰਬਾਰ ਅੰਦਰ ਆਉਣ ਲਈ ਨਾਕੇ ਬਣਾਕੇ ਉਥੇ ਜੋੜੇ ਅਤੇ ਹੋਰ ਸਮਾਨ ਰਖਣ ਲਈ ਸਥਾਨ ਬਣਾ ਕੇ ਇਸ ਪਵਿਤਰ ਸਰੋਵਰ ਦੀ ਮਹੱਤਤਾ ਬਣਾਈ।

ਜੂਨ 1984 ਦੇ ਹਮਲੇ ਦੀ ਵਿਥਿਆ

ਖਿਦਰਾਣੇ ਦੀ ਢਾਬ ਜੋ ਪਵਿੱਤਰ ਸਰੋਵਰ ਵਿਚ ਤਬਦੀਲ ਹੋ ਗਿਆ

ਭਾਈ ਮਹਿੰਦਰ ਸਿੰਘ ਅਤੇ ਭਾਈ ਪਿਆਰਾ ਸਿੰਘ ਨੇ ਜੋ ਵਿਥਿਆ ਸੁਣਾਈ ਉਸ ਅਨੁਸਾਰ 3 ਜੂਨ 1984 ਨੂੰ ਫੌਜ ਆ ਗਈ,ਗਸ਼ਤ ਕਰਨਾ ਸ਼ੁਰੂ ਕੀਤਾ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਕਰਕੇ ਸੰਗਤਾਂ ਆ ਜਾ ਰਹੀਆਂ ਸਨ। ਦਰਬਾਰ ਸਾਹਿਬ ਕੰਪਲੈਕਸ ਵਿਚ ਰਾਗੀ ਜਥੇ, ਮੈਨੇਜਰ, ਸੇਵਾਦਾਰ, ਆਦਿ ਸਾਰਾ ਸਟਾਫ ਹੀ ਰਹਿੰਦਾ ਸੀ। 5 ਅਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਅਨਾਊਂਸਮੈਂਟ ਹੋਈ ਕਿ ਜੋ ਵੀ ਅੰਦਰ ਹੈ ਬਾਹਰ ਨਾ ਆਵੇ। ਕੁਝ ਕੁ ਬੰਦਾਂ ਦੇ ਬਕਾਇਦਾ ਨਾਮ ਲੈ ਕੇ ਵੀ ਅਨਾਊਂਸਮੈਂਟ ਕੀਤੀ ਗਈ ਹੈ। ਰਿਹਾਇਸ਼ੀ ਕਮਰਿਆਂ ਵਾਲੇ ਪਾਸੇ ਇੱਕ ਪਟਵਾਰੀ ਦਾ ਘਰ ਸੀ, ਜਿਆਦਾਤਰ ਬੀਬੀਆਂ ਅਤੇ ਬੱਚਿਆਂ ਨੂੰ ਕੰਧ ਟਪਾ ਉਹਨਾਂ ਦੇ ਘਰ ਭੇਜ ਦਿੱਤਾ ਗਿਆ।   
 ਭਾਈ ਮਹਿੰਦਰ ਸਿੰਘ ਅਨੁਸਾਰ ਉਹ ਦਰਬਾਰ ਸਾਹਿਬ ਦੀਆਂ ਪੌੜੀਆਂ ਉਤਰ ਕੇ ਖੱਬੇ ਪਾਸੇ ਨੂੰ ਤੁਰੇ ਜਾ ਰਹੇ ਸਨ। ਉਹਨਾਂ ਪਿਛੇ ਇਕ ਵਿਅਕਤੀ ਆ ਰਿਹਾ ਸੀ। ਫੌਜ ਵਾਰ – ਵਾਰ ਕਹਿ ਰਹੀ ਸੀ ਕਿ ਹੱਥ ਉੱਪਰ ਰੱਖੋ , ਜੇ ਕੋਈ ਹਿੱਲਿਆ ਤਾਂ ਗੋਲ਼ੀ ਚਲਾ ਦੇਵਾਂਗੇ । ਕੁਝ ਪਲਾਂ ‘ਚ ਹੀ ਗੋਲ਼ੀ ਦੀ ਆਵਾਜ਼ ਆਈ ਤੇ ਉਹ ਪਿੱਛੇ ਆ ਰਿਹਾ ਵਿਅਕਤੀ ਧਰਤੀ ਉੱਤੇ ਡਿੱਗ ਪਿਆ। ਭਾਈ ਮਹਿੰਦਰ ਸਿੰਘ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਬਜ਼ੁਰਗ ਕਿਸੇ ਪਿੰਡ ਤੋਂ ਆਇਆ ਸੀ, ਉਸਦੇ ਮੋਢੇ ਵਿੱਚ ਇਕ ਝੋਲਾ ਸੀ। ਉਹ ਆਪਣਾ ਝੋਲਾ ਠੀਕ ਕਰਨ ਲੱਗਿਆ ਸੀ ਕਿ ਫ਼ੌਜ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ । ਇਹ ਬਜ਼ੁਰਗ ਦਾ ਨਾਮ ਗੁਰਦੀਪ ਸਿੰਘ ( ਉਮਰ 60 ਸਾਲ ) ਸੀ ਜੋ ਪਿੰਡ ਮੌਜੇਵਾਲ ਤੋਂ ਗੁਰਪੁਰਬ ਲਈ ਆਇਆ ਸੀ।
ਸਾਰੀ ਸੰਗਤ ਅਤੇ ਮੁਲਾਜ਼ਮਾਂ, ਸੇਵਾਦਾਰਾਂ ਨੂੰ ਇਕ ਥਾਂ ’ਤੇ ਇਕੱਠੇ ਕਰ ਕੇ ਲੰਮੇ ਪਾਇਆ ਹੋਇਆ ਸੀ। ਜਦੋਂ ਭਾਈ ਮਹਿੰਦਰ ਸਿੰਘ ਓਥੇ ਪਹੁੰਚੇ ਤਾਂ ਉਹਨਾਂ ਨੂੰ ਵੀ ਲੰਮੇ ਪੈਣ ਦਾ ਇਸ਼ਾਰਾ ਕਰ ਦਿੱਤਾ ਗਿਆ। ਇਹ ਹਦਾਇਤ ਸੀ ਕਿ ਠੋਡੀ ਅਤੇ ਪੇਟ ਬਿਲਕੁਲ ਫਰਸ਼ ਨਾਲ ਲੱਗਿਆ ਹੋਵੇ , ਖੱਬੇ – ਸੱਜੇ ਵੇਖਿਆ ਤਾਂ ਗੋਲੀ ਮਾਰ ਦਿੱਤੀ ਜਾਵੇਗੀ । ਦੋ – ਤਿੰਨ ਮਿੰਟ ਬਾਅਦ ਮੇਰੇ ਸੱਜੇ ਪਾਸੇ ਇਕ ਵਿਅਕਤੀ ਹੋਰ ਆਇਆ, ਉਸ ਤੋਂ ਪਤਾ ਨਹੀਂ ਕੀ ਹੋ ਗਿਆ ਕਿ ਓਹਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ । ” – ਭਾਈ ਮਹਿੰਦਰ ਸਿੰਘ , ਰਾਗੀ
ਅਗਲੇ ਦਿਨ ਧੁੱਪ ਵਿੱਚ ਵੀ ਇਸੇ ਤਰ੍ਹਾਂ ਰੱਖਿਆ ਸਭ ਨੂੰ। ਹੱਥ ਪਿੱਛੇ ਕਰ ਕੇ ਰੱਸੀਆਂ ਦੇ ਨਾਲ ਬੰਨ੍ਹ ਦਿੱਤੇ ਗਏ। ਜੇ ਕੋਈ ਪਾਣੀ ਮੰਗਦਾ ਸੀ ਤਾਂ ਪਾਣੀ ਨਹੀਂ ਸੀ ਦਿੱਤਾ ਜਾਂਦਾ। ਭਾਈ ਬਲਦੇਵ ਸਿੰਘ (ਸਟੋਰਕੀਪਰ) ਜਦੋਂ ਪਾਣੀ ਪੀਣ ਲਈ ਉੱਠੇ ਤਾਂ ਉਹਨਾਂ ਨੂੰ ਗੋਲ਼ੀ ਮਾਰ ਦਿੱਤੀ ਗਈ। ਸ਼ਾਮ ਨੂੰ ਤਕਰੀਬਨ 5 ਕੁ ਵਜੇ ਸਭ ਨੂੰ ਖਾਲਸਾ ਕਾਲਜ ਲਿਜਾਇਆ ਗਿਆ। ਇਕ ਕਮਰੇ ਵਿੱਚ ਤਕਰੀਬਨ 40-45 ਸਿੰਘ ਸਨ। ਕਮਰੇ ਵਿੱਚ ਨਾ ਹੀ ਕੋਈ ਪੱਖਾ ਸੀ , ਨਾ ਹੀ ਪਾਣੀ ਦਿੱਤਾ ਜਾਂਦਾ ਸੀ। ਅਗਲੇ ਦਿਨ ਤੋਂ ਦੋ – ਦੋ ਰੋਟੀਆਂ ਦਿੰਦੇ ਜਿਸ ਉੱਤੇ ਸਬਜ਼ੀ ਅਤੇ ਵਿਚ ਹੀ ਪਾਣੀ ਪਾ ਦਿੰਦੇ। ਕੋਈ ਇੱਕ ਦੂਸਰੇ ਦੇ ਨਾਲ ਗੱਲ ਨਹੀਂ ਸੀ ਕਰ ਸਕਦਾ। ਫੌਜ ਵੱਲੋਂ ਲਗਾਤਾਰ ਹੀ ਪੁੱਛਦੇ ਰਹਿਣਾ ਕਿ ਤੁਸੀਂ ਕੌਣ ਹੈ ? ਇਥੇ ਕਿਉਂ ਆਏ ਹੋ ? ਇੱਥੇ ਕਿਉਂ ਰਹਿੰਦੇ ਹੋ ? ਤਕਰੀਬਨ 10 ਕੁ ਦਿਨਾਂ ਬਾਅਦ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ / ਸੇਵਾਦਾਰਾਂ ਨੂੰ ਛੱਡ ਦਿੱਤਾ ਗਿਆ। ਭਾਈ ਮਹਿੰਦਰ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਇਮਾਰਤ ਦਾ ਬਹੁਤ ਨੁਕਸਾਨ ਹੋਇਆ। ਜੋ ਅਟਾਰੀ ਬਣੀ ਹੋਈ ਸੀ ਉਹਦਾ ਬਹੁਤ ਨੁਕਸਾਨ ਕੀਤਾ, ਸੁਣਿਆ ਹੈ ਕਿ ਉਸ ਨੂੰ ਅੱਗ ਲੱਗੀ ਸੀ ਅਤੇ ਜੋ ਲੋਹੇ ਦੇ ਗਾਡਰ ਸਨ ਉਹ ਵੀ ਪਿਘਲ ਕੇ ਵਿੰਗੇ – ਟੇਢੇ ਹੋ ਗਏ ਸਨ।
“4 ਨੰਬਰ ਨਾਕੇ ‘ਤੇ ਵੱਡੀ ਤੋਪ ਬੀੜੀ ਸੀ। ਡਿਓੜੀ ਦੇ ਵਿਚਕਾਰ ਜੋ ਬਾਰਾਂਦਰੀ ਹੈ ਉਥੇ ਵੀ ਗੋਲੇ ਦਾਗੇ ਗਏ।  ਇਸ ਜਗ੍ਹਾ ‘ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘ ਸਨ, ਜੋ ਸ਼ਹੀਦ ਹੋ ਗਏ। ਸਵੇਰੇ 2 ਵਜੇ ਤਕ ਇਹਨਾਂ ਸਿੰਘਾਂ ਦਾ ਫੌਜ ਨਾਲ ਮੁਕਾਬਲਾ ਚਲਿਆ। ਸਿੰਘਾਂ ਕੋਲ ਸਿਰਫ ਛੋਟੀਆਂ ਬੰਦੂਕਾਂ ਸਨ “
– ਸ .  ਪਿਆਰਾ ਸਿੰਘ
  ਗਿਆਨੀ ਗੁਰਬਚਨ ਸਿੰਘ ਅਨੁਸਾਰ ਕੁਝ ਸਿੰਘ ਇਕ ਬੋਹੜ ਦੇ ਦਰਖਤ  ਕੋਲ ਬੈਠੇ ਹੋਏ ਸਨ। ਜਿਨਾਂ ਵਲ ਗੋਲੀ ਚਲਾਈ ਗਈ। ਟੈਕਾਂ ਨਾਲ ਗੋਲੇ ਚਲਾਏ ਅਤੇ ਅਟਾਰੀ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ।  ਜਿੱਥੇ ਸਤਿਗੁਰਾਂ ਦਾ ਸੁਖ ਆਸਨ ਕੀਤਾ ਗਿਆ ਸੀ, ਉਥੇ ਗੋਲੇ ਮਾਰੇ ਗਏ।  ਮਹਾਰਾਜ ਦੇ ਸਰਪ ਅਗਨ ਭੇਟ ਹੋ ਗਏ, ਰੁਮਾਲੇ, ਚੌਰ ਸਾਹਿਬ ਸੜ ਗਏ। ਕੁਝ ਇੰਘ ਸ਼ਹੀਦ ਹੋ ਗਏ।
ਇੱਕ ਦੋ ਗੋਲੇ ਇਕ ਇਤਿਹਾਸਿਕ ਬੋਹੜ ਵਿੱਚ ਵੀ ਲੱਗੇ ਜਿਸ ਨਾਲ ਉਹ ਡਿਗ ਪਿਆ। ਹੈਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਜੀ ਦੇ ਵੱਲ ਵੀ ਫੌਜ ਵੱਲੋਂ ਇਕ ਬਰਸੱਟ ਮਾਰਿਆ ਗਿਆ, ਜਿਸ ਨਾਲ ਪਿੱਛੇ ਪਟਵਾਰੀ ਸਿੰਘ ਦੇ ਘਰ ਖੜ੍ਹੀ ਮਝ ਮਰ ਗਈ। ਉਸ ਨੇ ਇਕ ਦਰਜੀ ਗੁੱਲੂ ਜੋ ਆਪਣੇ ਘਰ ਅਗੇ ਖੜਾ ਸੀ ਫੌਜ ਦੀ ਗੋਲੀ ਦੇ ਸ਼ਿਕਾਰ ਹੋ ਗਿਆ। ਉਸ ਦਾ ਸਸਕਾਰ ਦਿਨ ਚੜ੍ਹੇ ਗੁਰੂ ਤੰਬੂ ਸਾਹਿਬ ਦੇ ਪਿੱਛੇ ਨਿਹੰਗ ਸਿੰਘ ਦੇ ਡੇਰੇ ਵਿੱਚ ਗਿਆ।
“ ਜੋ ਮੈਂ ਸੁਣਿਆ ਸਾਡੇ ਇੱਕ ਰਿਕਾਰਡ ਕੀਪਰ ਸੀ ਉਸਦਾ ਨਾਮ ਹੁਣ ਭੁੱਲ ਗਿਆ ਹੈ , ਉਹ ਆਪਣੇ ਕਮਰੇ ਵਿੱਚ ਸੀ ਫੌਜ ਨੇ ਖੜਕਾ ਸੁਣ ਕੇ ਬਾਹਰੋਂ ਗੋਲੀਆਂ ਚਲਾ ਦਿੱਤੀਆਂ । ਇਹ ਸਾਨੂੰ ਬਾਹਰ ਆ ਕੇ ਪਤਾ ਲੱਗਾ ਕਿ ਉਹ ਸ਼ਹੀਦ ਹੋ ਗਿਆ ਸੀ । ” – ਭਾਈ ਮਹਿੰਦਰ ਸਿੰਘ , ਰਾਗੀ
ਫੌਜ ਪਰਿਕਰਮਾ ਅਤੇ ਦਰਬਾਰ ਸਾਹਿਬ ਵਿਖੇ ਬੂਟਾਂ ਸਮੇਤ ਤੁਰੀ ਫਿਰਦੀ ਸੀ । ਤਲਾਸ਼ੀ ਲੈਣ ਮੌਕੇ ਸਾਰੇ ਜਿੰਦਰੇ ਤੋੜ ਦਿੱਤੇ ਅਤੇ ਸਮਾਨ ਇੱਧਰ – ਉੱਧਰ ਖਿਲਾਰ ਦਿੱਤਾ , ਗੁਰੂ ਘਰ ਦੇ ਖਜਾਨੇ ਵਿੱਚ ਵੀ ਕੋਈ ਪੈਸਾ ਨਹੀਂ ਛੱਡਿਆ । ਇਥੇ ਹੋਏ ਫੌਜੀ ਹਮਲੇ ਦੌਰਾਨ ਤਕਰੀਬਨ 10 ਤੋਂ 12 ਸਿੰਘ ਸ਼ਹੀਦ ਹੋਏ । “
– ਸ . ਪਿਆਰਾ ਸਿੰਘ , ਸ਼ਹਿਰ ਵਾਸੀ
ਉਪਰੋਕਤ ਜਾਣਕਾਰੀ ‘ਵੱਖ ਵੱਖ ਗੁਰਦੁਆਰਿਆਂ ‘ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ’ ਕਿਤਾਬ ‘ਚ ਲਈ ਗਈ ਹੈ।

ਰੁੱਖ– ਦਰਬਾਰ ਸਹਿਬ ਦੇ ਸੱਜੇ ਹੱਥ ਵਣ ਦਾ ਰੁੱਖ ਮੌਜੂਦ ਹੈ ਜਿਸ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਘੌੜਾ ਬੰਨ੍ਹਿਆ ਸੀ।

ਮੌਜੂਦਾ ਪ੍ਰਬੰਧ ਗੁਰਦੁਆਰਾ ਸਾਹਿਬ ਦਾ ਮੌਜੂਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਹੈ।

Photos