Gurudwara Patshahi Chevi Rara sahib Ludhaina ਗੁਰਦੁਆਰਾ ਪਾਤਿਸ਼ਾਹੀ ਛੇਵੀਂ ਰਾੜਾ ਸਾਹਿਬ ਲੁਧਿਆਣਾ

Gurudwara Patshahi Chevi Rara sahib Ludhaina ਗੁਰਦੁਆਰਾ ਪਾਤਿਸ਼ਾਹੀ ਛੇਵੀਂ ਰਾੜਾ ਸਾਹਿਬ ਲੁਧਿਆਣਾ

Average Reviews

Description

ਗੁਰਦੁਆਰਾ ਪਾਤਸ਼ਾਹੀ ਛੇਵੀਂ ਰਾੜਾ ਸਾਹਿਬ ਲੁਧਿਆਣਾ
ਗੁਰਦੁਆਰਾ ਪਾਤਸ਼ਾਹੀ ਛੇਵੀਂ ਰਾੜਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹੈ। ਇਸ ਅਸਥਾਨ ਤੇ ਗੁਰੂ ਸਾਹਿਬ ਪਿੰਡ ਘੁਡਾਣੀ ਕਲਾਂ ਤੋਂ ਸ਼ਿਕਾਰ ਖੇਡਦਿਆਂ ਆਏ ਸਨ ਤੇ ਇੱਥੇ ਇਕ ਸੰਘਣੇ ਬੋਹੜ ਦੀ ਛਾਵੇਂ ਸ੍ਰੀ ਹਜ਼ੂਰ ਨੇ ਵਿਸ਼ਰਾਮ ਕੀਤਾ ਸੀ । ਛੇਵੇਂ ਪਾਤਸ਼ਾਹ ਨੇ ਗੁਰੂ ਘਰ ਦੇ ਅਨਿੰਨ ਪ੍ਰੇਮੀ ਮਸੰਦ ਭਾਈ ਸੂਰਤੀਏ ਕੋਲ ਘੁਡਾਣੀ ਕਲਾਂ ਤਕਰੀਬਨ ਡੇਢ ਮਹੀਨੇ ਦੇ ਕਰੀਬ ਕਿਆਮ ਕੀਤਾ ਸੀ। ਇਸ ਸਮੇਂ ਦੌਰਾਨ ਮਹਾਰਾਜ ਅਕਸਰ ਹੀ ਪਿੰਡ ਰਾੜਾ ‘ਚ ਇਸ ਸਥਾਨ ਤੇ ਆ ਕੇ ਵਿਸ਼ਰਾਮ ਕਰਦੇ ਸਨ, ਸਮੇਂ ਦੇ ਨਾਲ ਉਹ ਬੋਹੜ ਦਾ ਰੁੱਖ ਤਾਂ ਅਲੋਪ ਹੋ ਚੁੱਕਾ ਹੈ। ਪਰ ਉਸ ਸਥਾਨ ਤੇ ਸੰਗਤ ਨੇ ਗੁਰੂ ਪਾਤਸ਼ਾਹ ਦੀ ਯਾਦ ‘ਚ ਥੜ੍ਹਾ ਸਾਹਿਬ ਦੀ ਉਸਾਰੀ ਕੀਤੀ ।

ਗੁਰੂ ਘਰ ਦੀ ਮੌਜੂਦਾ ਇਮਾਰਤ ਮਹਾਰਾਣੀ ਜਸਵੰਤ ਕੌਰ ( ਪਤਨੀ ਮਹਾਰਾਜਾ ਭੁਪਿੰਦਰ ਸਿੰਘ ਪਟਿਆਲ਼ਾ) ਦੇ ਉੱਦਮ ਨਾਲ ਹੋਈ।
ਗਿਆਨੀ ਗਿਆਨ ਸਿੰਘ (1920 ਈ. ਦੇ ਲਗਭਗ) ਲਿਖਦੇ ਹਨ ਕਿ , “ਰਾੜੇ ਪਿੰਡ ਮੰਜੀ ਦਰਬਾਰ ਸਾਹਿਬ ਏਥੇ ਰੜੇ ਵਿੱਚ ਆਕੇ ਉਹ ਜਿੱਥੇ ਹੁਣ ਰਾੜਾ ਪਿੰਡ ਹੈ ਓਹਨਾਂ ਦੀ ਸੇਵਾ ਪਰ ਖੁਸ਼ੀ ਹੋਕੇ ਸਰਦਾਰੀ ਬਖ਼ਸ਼ੀ ਜਿਨ੍ਹਾਂ ਵਿੱਚੋਂ ਹੁਣ ਰਤਨ ਸਿੰਘ ਇੱਕ ਹਨ। ਆਮਦਨੀ ਚਾਰ ਸੌ ਦੀ ਤੇ ਜ਼ਮੀਨ ਡੇਢ ਸੌ ਘੁਮਾ ਮਾਫ਼ੀ ਹੈ ਰਚਨਾ ਚੰਗੀ ਹੈ ਏਸੇ ਸਰਦਾਰ ਰਤਨ ਸਿੰਘ ਦੀ ਸਪੁਤ੍ਰੀ ਜੋ ਮਹਾਰਾਜੇ ਭੂਪੇਂਦ੍ਰ ਸਿੰਘ ਦੀ ਰਾਣੀ ਸੱਚੀ ਹਰਿ ਗੁਰ ਭਗਤ ਹੈ ।”
ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਇਹ ਪਰਿਵਾਰ ਰਾੜੇ ਵਾਲੇ ਸਰਦਾਰਾਂ ਵਜੋਂ ਪ੍ਰਸਿੱਧ ਹੋਇਆ। ਰਾੜੇ ਵਾਲੇ ਸਰਦਾਰਾਂ ਵਿੱਚੋਂ ਸ. ਰਤਨ ਸਿੰਘ ਦੀ ਸਪੁੱਤਰੀ ਬੀਬਾ ਜਸਵੰਤ ਕੌਰ , ਮਹਾਰਾਜਾ ਪਟਿਆਲ਼ਾ ਭੁਪਿੰਦਰ ਸਿੰਘ ਦੀ ਪਤਨੀ ਸੀ। ਉਸਨੇ ਸ਼ਰਧਾ ਭਾਵ ਵਿੱਚ ਇਸੇ ਥੜ੍ਹੇ ਦੁਆਲੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਵਿਸ਼ੇਸ਼ ਯੋਗਦਾਨ ਪਾਇਆ। ਅਤੇ ਕੁਝ ਜ਼ਮੀਨ ਵੀ ਗੁਰਦੁਆਰਾ ਸਾਹਿਬ ਲਈ ਅਰਦਾਸ ਕਰਵਾਈ ਤੇ ਸਵਾ ਰੁਪਏ ਦਾ ਪ੍ਰਸ਼ਾਦਿ ਨਿੱਤ ਭੇਟਾ ਕਰਦੇ ਰਹੇ। ਸ. ਰਤਨ ਸਿੰਘ ਦਾ ਸਪੁੱਤਰ ਸ. ਗਿਆਨ ਸਿੰਘ ਰਾੜੇਵਾਲਾ ਜੋ ਕਿ ਪਟਿਆਲ਼ਾ ਰਿਆਸਤ ਦਾ ਪ੍ਰਧਾਨ ਮੰਤਰੀ  ਅਤੇ ਪੈਪਸੂ ਦਾ ਮੁੱਖ ਮੰਤਰੀ ਵੀ ਰਿਹਾ । ਉਹਨਾਂ ਦਾ ਪਰਿਵਾਰ ਹੀ ਹੁਣ ਇਸ ਅਸਥਾਨ ਦਾ ਪ੍ਰਬੰਧ ਅਤੇ ਰੱਖ-ਰਖਾਉ ਕਰਦਾ ਹੈ।
ਭਾਈ ਕਾਹਨ ਸਿੰਘ ਨਾਭਾ(1930) ਨੇ ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ , ਰਿਹਾਇਸ਼ ਲਈ ਮਕਾਨ ਅਤੇ ਗੁਰਦੁਆਰਾ ਸਾਹਿਬ ਦੇ ਨਾਮ ੮੦ ਵਿੱਘੇ ਜ਼ਮੀਨ ਅਤੇ ਹੋਲੇ ਮਹੱਲੇ ਦਾ ਦਿਹਾੜਾ ਵਿਸ਼ੇਸ਼ ਰੂਪ ‘ਚ ਮਨਾਏ ਜਾਣ ਬਾਰੇ ਲਿਖਿਆ ਹੈ ।
ਸਿੱਖ ਯਾਤਰੀ ਭਾਈ ਧੰਨਾ ਸਿੰਘ ਜਿਨ੍ਹਾਂ ਇਸ ਅਸਥਾਨ ਦੀ 28 ਅਗਸਤ 1931 ਨੂੰ ਯਾਤਰਾ ਕੀਤੀ, ਲਿਖਦੇ ਹਨ ਕਿ , “ਇਸ ਜਗ੍ਹਾ ਪਿੰਡ ਘੁੜਾਣੀ ਤੋਂ ਗੁਰੂ ਜੀ ਸ਼ਿਕਾਰ ਖੇਡਦੇ-ਖੇਡਦੇ ਆਇਆ ਕਰਦੇ ਸਨ। ਸੁਨੇਹਾ ਗਿਆ ਹੈ ਕੇ ਛੇਵੇਂ ਪਿਤਾ ਜੀ ਪਿੰਡ ਘੁੜਾਣੀ ਵਿਖੇ 3 ਮਹੀਨੇ 10 ਦਿਨ ਠਹਿਰੇ ਸਨ ਤਾਂ ਕਰਕੇ ਇਸ ਇਲਾਕੇ ਵਿੱਚ ਜੋ ਵੀ ਛੇਵੇਂ ਗੁਰੂ ਜੀ ਦੇ ਗੁਰਦੁਆਰੇ ਹੈ, ਸਭਨਾ ਜਗ੍ਹਾ ਛੇਵੇਂ ਪਿਤਾ ਜੀ ਸ਼ਿਕਾਰ ਖੇਡਦੇ-ਖੇਡਦੇ ਹੀ ਆਏ ਹੈ। ਫਿਰ ਪਿੰਡ ਘੁੜਾਣੀ ਹੀ ਚਲੇ ਜਾਇਆ ਕਰਦੇ ਸਨ ।” ਭਾਈ ਧੰਨਾ ਸਿੰਘ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਪ੍ਰਬੰਧ ਆਦਿ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਕਿ , “ ਪਿੰਡ ਰਾੜੇ ਦੇ ਗੁਰਦੁਆਰੇ ਨੂੰ 100 ਬਿਗੇ ਜ਼ਮੀਨ ਹੈ । ਸੇਵਾਦਾਰ ਭਾਈ ਤਾਰਾ ਸਿੰਘ ਜੀ ਹੈ ਤੇ ਵੱਡਾ ਮਹੰਤ ਸਮੁੰਦ ਸਿੰਘ ਸੀ ਹੈ, ਜੋ ਕਿ ਪਟਿਆਲ਼ੇ ਹੀ ਰਹਿੰਦਾ ਹ, ਬੀਰ ਸਿੰਘ ਦੀ ਧਰਮਸ਼ਾਲਾ ਵਿੱਚ । ਡਾਕਖ਼ਾਨਾ ਘੁੜਾਣੀ, ਤਸੀਲ ਪੈਲ , ਸਟੇਸ਼ਨ ਦੁਰਾਹੇ ਤੋਂ ਛਿਪਦੀ ਹੇਠਾਂ 6 ਮੀਲ ਤੇ ਹੈ। ਰਿਆਸਤ ਪਟਿਆਲ਼ਾ ਹੈ। ਲੰਗਰ ਅਤੇ ਰਿਹਾਇਸ਼ਸ ਹੈ। ਪਿੰਡ ਰਾੜੇ ਦੇ ਛਿਪਦੀ ਹੇਠਾਂ 4 ਫਰਲਾਂਗ ਤੇ ਢੱਕੀ ਵਿਚ ਇਕ ਗੁਰਦੁਆਰਾ ਸੰਤ ਈਸ਼ਰ ਸਿੰਘ ਜੀ ਤੇ ਸੰਤ ਕਿਸ਼ਨ ਸਿੰਘ ਜੀ ਨੇ ਪਾਇਆ ਹੋਆ ਹੈ । ਜੋ ਕੇ ਬਹਿੰਗਮਾਂ ਨੂੰ ਬਹੁਤ ਆਰਾਮ ਹੈ ਤੇ ਭਜਨ ਬਾਣੀ ਭੀ ਬਹੁਤ ਹੁੰਦੀ ਹੈ । ਲੰਗਰ ਤੇ ਰਿਹਾਇਸ਼ ਬਹੁਤ ਅੱਛੀ ਹੈ।”
ਗੁਰਦੁਆਰਾ ਕੋਸ਼ ਅਨੁਸਾਰ , “ਗੁਰੂ ਹਰਿਗੋਬਿੰਦ ਸਾਹਿਬ ੧੬੩੧ ਨੂੰ ਘੁੜਾਣੀ ਤੋਂ ਹੋ ਕੇ ਇੱਥੇ ਆਏ ਸਨ । ਗੁਰੂ ਸਾਹਿਬ ਇਕ ਬੋਹੜ ਦੇ ਦਰੱਖਤ ਹੇਠ ਬਿਰਾਜੇ ਸਨ। ਬੋਹੜ ਤਾਂ ਅਲੋਪ ਹੋ ਗਿਆ ਪਰ ਗੁਰਸਿੱਖਾਂ ਨੇ ‘ਥੜ੍ਹਾ ਸਾਹਿਬ’ ਤਾਮੀਰ ਕੀਤਾ। ਮਹਾਰਾਣੀ ਜਸਵੰਤ ਕੌਰ (ਸੁਪਤਨੀ ਮਹਾਰਾਜਾ ਭੁਪਿੰਦਰ ਸਿੰਘ ਆਫ ਪਟਿਆਲ਼ਾ) ਨੇ ਅਜੋਕਾ ‘ਗੁਰਦੁਆਰਾ ਪਾਤਸ਼ਾਹੀ ਛੇਵੀਂ’ ੧੯੪੧ ਉਸਾਰਿਆ। ਮਹਾਰਾਣੀ ਨੇ ਢਾਈ ਏਕੜ ਜ਼ਮੀਨ ਵੀ ਅਰਦਾਸ ਕਰਾਈ। ਹਰ ਸਵੇਰ ਅੱਜ ਵੀ ਕੜਾਹ ਪ੍ਰਸ਼ਾਦ ਉਨ੍ਹਾਂ ਦੀ ਵੰਸ਼ ਵੱਲੋਂ ਦਿੱਤਾ ਜਾਂਦਾ ਹੈ। ਗੁਰਦੁਆਰੇ ਦੀ ਇਮਾਰਤ ਵਿੱਚ ਇੱਕ ਛੋਟਾ ਲੰਬੂਤਰਾ ਕਮਰਾ ‘ਮੰਜੀ ਸਾਹਿਬ’ ਹੈ ਜਿੱਥੇ ਗੁਰੂ ਸਾਹਿਬ ਨੇ ਆ ਕੇ ਨਿਵਾਸ ਤੇ ਆਰਾਮ ਕੀਤਾ ਸੀ। ਇਕ ਸਮਕੋਣ ਹਾਲ ਅਤੇ ਆਸ-ਪਾਸ ਵਰਾਂਡਾ ਬਣਿਆ ਹੋਇਆ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਪ੍ਰਕਾਸ਼ ਹਾਲ ਵਿੱਚ ਹੀ ਕੀਤਾ ਜਾਂਦਾ ਹੈ । ‘ਗੁਰੂ ਕਾ ਲੰਗਰ’ ਗੁਰਦੁਆਰੇ ਦੇ ਅਹਾਤੇ ਵਿੱਚ ਹੀ ਹੈ। ਗੁਰਦੁਆਰੇ ਦਾ ਪ੍ਰਬੰਧ ਪਿੰਡ ਦੀ ਸੰਗਤ ਕਰਦੀ ਹੈ । ਹੋਲੇ-ਮਹੱਲੇ ‘ਤੇ ਸਾਲ ਦਾ ਪ੍ਰਮੁੱਖ ਜੋੜ-ਮੇਲਾ ਹੁੰਦਾ ਹੈ।”
ਜਿੱਥੇ ਬਾਕੀ ਸਾਰੇ ਸਰੋਤਾਂ ਤੇ ਮੁਕਾਮੀ ਸਾਖੀ ਅਨੁਸਾਰ ਇਸ ਅਸਥਾਨ ਤੇ ਛੇਵੇਂ ਪਾਤਸ਼ਾਹ ਦਾ ਘੁਡਾਣੀ ਕਲਾਂ ਤੋਂ ਇੱਥੇ ਆਉਣ ਦਾ ਜ਼ਿਕਰ ਮਿਲਦੀ ਹੈ । ਉੱਥੇ ਗਿਆਨੀ ਠਾਕੁਰ ਸਿੰਘ 1930 ਵਿਚ ਇਸ ਅਸਥਾਨ ਦਾ ਜਿਕਰ ਕਰਦਿਆਂ ਗੁਰੂ ਸਾਹਿਬ ਦਾ ਆਉਣਾ ਗੁੱਜਰਵਾਲ ਤੋਂ ਲਿਖਿਆ ਹੈ। ਬਾਕੀ ਸਾਰਾ ਪ੍ਰਬੰਧ ਉਹਨਾਂ ਨੇ ਵੀ ਮਹਾਰਾਣੀ ਜਸਵੰਤ ਕੌਰ ਤੇ ਰਾੜੇ ਵਾਲਾ ਪਰਿਵਾਰ ਵਲੋਂ ਕਰਨ ਅਤੇ ਹੋਲੇ ਮਹੱਲੇ ਦਾ ਦਿਹਾੜਾ ਉਚੇਚੇ ਤੌਰ ਤੇ ਮਨਾਏ ਜਾਣ ਦਾ ਜ਼ਿਕਰ ਕੀਤਾ ਹੈ।
ਮੌਜੂਦਾ ਸਮੇਂ ਵੀ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਉਸੇ ਤਰ੍ਹਾਂ ਕਾਇਮ ਹੈ। ਪ੍ਰਬੰਧ ਹਾਲੇ ਵੀ ਰਾੜੇ ਵਾਲਾ ਪਰਿਵਾਰ ਹੀ ਕਰਦਾ ਹੈ। ਇਸ ਸਮੇਂ ਹੋਰ ਪ੍ਰਮੁਖ ਗੁਰਪੁਰਬਾਂ ਤੋਂ ਇਲਾਵਾ ਛੇਵੇਂ ਪਾਤਸ਼ਾਹ ਦਾ ਇਸ ਸਥਾਨ ਤੇ ਆਉਣ ਦਾ ਦਿਹਾੜਾ ਜੋ ਕਿ ਗੁਰਦੁਆਰਾ ਸਾਹਿਬ ‘ਚ 25 ਫੱਗਣ 1688 ਬਿਕਰਮੀ ਲਿਖਿਆ ਮਿਲਦਾ ਹੈ। ਖਾਸ ਤੌਰ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ।
ਗੁਰਦੁਆਰਾ ਸਾਹਿਬ ਪਿੰਡ ਰਾੜਾ ਦੇ ਵਿਚਕਾਰ ਸਥਿਤ ਹੈ । ਇੱਥੇ ਆਉਣ ਆਉਣ ਲਈ ਅਹਿਮਦਗੜ੍ਹ – ਖੰਨਾ ਸੜਕ ਤੇ ਮੰਡੀ ਅਹਿਮਦਗੜ੍ਹ ਤੋਂ 12 ਕਿੱਲੋਮੀਟਰ ਚੜਦੇ ਵੱਲ ਹੈ।

ਗੁਰਦੁਆਰਾ ਕਰਮਸਰ ਰਾੜਾ ਸਾਹਿਬ
ਇਸ ਤੋਂ ਇਲਾਵਾ ਇਸ ਪਿੰਡ ਵਿਚ ਇਲਾਕੇ ਦਾ ਮਸ਼ਹੂਰ ਧਾਰਮਿਕ ਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਹੈ ਜੋ ਕਿ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਨਾਮ ‘ਤੇ ਹੈ । ਇਸਦੀ ਉਸਾਰੀ ਪਿਆਰੇ ਭਾਈ ਦਇਆ ਸਿੰਘ ਜੀ ਟਕਸਾਲ ‘ਚੋਂ ਸਿੱਖ ਪੰਥ ਦੀ ਸਤਿਕਾਰਯੋਗ ਸਖਸੀਅਤ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਕੀਤੀ। ਉਹਨਾਂ ਦਾ ਪਿੰਡ ਆਲੋਵਾਲ (ਪਟਿਆਲ਼ਾ ) ਸੀ । ਪਰ ਇੱਥੇ ਰਹਿ ਕੇ ਉਹਨਾਂ ਲੰਮਾ ਸਮਾਂ ਭਜਨ ਬੰਦਗੀ ਕੀਤੀ । ਜਿਸਦਾ ਜ਼ਿਕਰ ਭਾਈ ਧੰਨਾ ਸਿੰਘ ਵੀ ਕਰਦੇ ਹਨ । ਸੰਤ ਈਸ਼ਰ ਸਿੰਘ ਜੀ ਨੇ ਦੁਨੀਆਂ ਭਰ ‘ਚ ਖਾਸਕਰ ਮਾਲਵੇ ਖੇਤਰ ‘ਚ ਨਿਰਵਾਣ ਕੀਰਤਨ ਉਪਦੇਸ਼ ਰਾਹੀਂ ਲੱਖਾਂ ਪ੍ਰਾਣੀਆਂ ਨੂੰ ਗੁਰੂ ਘਰ ਨਾਲ ਜੋੜਿਆ । ਗੁਰਦੁਆਰਾ ਕਰਮਸਰ ਰਾੜਾ ਸਾਹਿਬ ਹੁਣ ਇਲਾਕੇ ਦੀ ਪਹਿਚਾਣ ਬਣ ਚੁੱਕਾ ਹੈ । ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਇਕ ਸੜਕ ਰਾੜੇ ਪਿੰਡ ਵੱਲ ਨੂੰ ਜਾਂਦੀ ਹੈ ਜਿਸ ਰਾਹੀਂ ਦੋ ਕਿੱਲੋਮੀਟਰ ਤੇ ਸਥਿਤ ਗੁਰਦੁਆਰਾ ਅਕਾਲ ਸਹਾਏ ਪਾਤਸ਼ਾਹੀ ਛੇਵੀਂ ਤੱਕ ਜਾਇਆ ਜਾ ਸਕਦਾ ਹੈ । ਮੌਜੂਦਾ ਸਮੇਂ ਇਸ ਅਸਥਾਨ ਤੇ ਆਮ ਤੌਰ ਤੇ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ਕਰਕੇ ਲੰਗਰ ਅਤੇ ਰਿਹਾਇਸ਼ ਅਤੇ ਹੋਰ ਸਭ ਸਹੂਲਤ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਬਹੁਤ ਚੰਗੀ ਤਰਾਂ ਮਿਲਦੀ ਹੈ ।

Photos